ਪੰਜਾਬ ਦੇ ਗੈਂਗਸਟਰ-ਮੁਕਤ ਹੋਣ ਤੱਕ ਜਾਰੀ ਰਹੇਗਾ ਆਪ੍ਰੇਸ਼ਨ ਪ੍ਰਹਾਰ: ਪੰਜਾਬ ਪੁਲਿਸ
ਪੰਜਾਬ ਪੁਲਿਸ ਨੇ ‘ਗੈਂਗਸਟਰਾਂ ਤੇ ਵਾਰ’ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ ਸ਼ੁਰੂ ਕੀਤੇ 72 ਘੰਟਿਆਂ ਦੇ ‘ਆਪ੍ਰੇਸ਼ਨ ਪ੍ਰਹਾਰ’ ਤਹਿਤ ‘ਚ ਬੈਠੇ ਗੈਂਗਸਟਰਾਂ ਦੇ ਪੰਜਾਬ ’ਚ ਮੌਜੂਦ ਸਾਥੀਆਂ ਦੇ ਟਿਕਾਣਿਆਂ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਦੇ ਮੁਤਾਬਕ ‘ਗੈਂਗਸਟਰਾਂ ’ਤੇ ਵਾਰ’ ਇੱਕ ਨਿਰੰਤਰ ਮੁਹਿੰਮ ਹੈ ਜੋ ਉਦੋਂ ਤੱਕ ਇਸੇ ਤਰ੍ਹਾਂ ਜਾਰੀ ਰਹੇਗੀ ਜਦੋਂ ਤੱਕ ਪੰਜਾਬ ‘ਚੋਂ ਗੈਂਗਸਟਰਾਂ ਦਾ ਸਫ਼ਾਇਆ ਨਹੀਂ ਹੋ ਜਾਂਦਾ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਡੀਜੀਪੀ ਪੰਜਾਬ ਨੇ ‘ਆਪ੍ਰੇਸ਼ਨ ਪ੍ਰਹਾਰ’ ਨਾਮ ਹੇਠ ਗੈਂਗਸਟਰਾਂ ਵਿਰੁੱਧ ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ ਕੀਤੀ ਸੀ। ਇਸ ਤਹਿਤ 12,000 ਪੁਲਿਸ ਮੁਲਜ਼ਮਾਂ ਦੀ ਨਫ਼ਰੀ ਵਾਲੀਆਂ 2000 ਤੋਂ ਵੱਧ ਪੁਲਿਸ ਟੀਮਾਂ ਨੂੰ ਪੰਜਾਬ ਭਰ ‘ਚ 60 ਵਿਦੇਸ਼ੀ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ’ਤੇ ਛਾਪੇਮਾਰੀ ਕਰਨ ਲਈ ਪੰਜਾਬ ਭਰ ‘ਚ ਤਾਇਨਾਤ ਕੀਤਾ ਸੀ।
ਤਿੰਨ ਦਿਨ ਚੱਲੇ ਇਸ ਆਪ੍ਰੇਸ਼ਨ ਦੇ ਨਤੀਜੇ ਸਾਂਝੇ ਕਰਦਿਆਂ ਸਪੈਸ਼ਲ ਡੀਜੀਪੀ (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੰਜਾਬ ਭਰ ‘ਚ ਕੁੱਲ 4871 ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਸੀ, ਜਿਨ੍ਹਾਂ ‘ਚੋਂ 3256 ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ’ਚੋਂ 69 ਹਥਿਆਰ, 6.5 ਕਿਲੋ ਹੈਰੋਇਨ, 10.5 ਕਿਲੋ ਅਫੀਮ, 5092 ਨਸ਼ੀਲੀਆਂ ਗੋਲੀਆਂ, 72 ਕਿਲੋ ਭੁੱਕੀ ਅਤੇ 2.69 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਦੀ ਪੁਲਿਸ ਟੀਮਾਂ ਨੇ 80 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਅਤੇ 25 ਅਹਤਿਆਤੀ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ। ਸਪੈਸ਼ਲ ਡੀਜੀਪੀ ਨੇ ਦੱਸਿਆ ਕਿ 72 ਘੰਟੇ ਚੱਲਿਆ ਇਹ ਆਪ੍ਰੇਸ਼ਨ ਉਮੀਦਾਂ ਤੋਂ ਵੱਧ ਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ‘ਆਪ੍ਰੇਸ਼ਨ ਪ੍ਰਹਾਰ’ ਗੈਂਗਸਟਰਾਂ ਨੂੰ ਲੌਜਿਸਟਿਕਸ, ਵਿੱਤੀ ਅਤੇ ਸੰਚਾਰ ਨੈਟਵਰਕ ‘ਚ ਇਮਦਾਦ ਕਰਨ ਵਾਲਿਆਂ ’ਤੇ ਇੱਕ ਸਰਜੀਕਲ ਅਤੇ ਖੁਫੀਆ ਕਾਰਵਾਈ ਸੀ। ਉਨ੍ਹਾਂ ਨੇ ਕਿਹਾ ਕਿ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਗੈਂਗਸਟਰਾਂ ਤੋਂ ਮੁਕਤ ਨਹੀਂ ਹੋ ਜਾਂਦਾ।
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਨਾਗਰਿਕਾਂ ਨੂੰ ਸੰਗਠਿਤ ਅਪਰਾਧ ਵਿਰੁੱਧ ਮੁਹਿੰਮ ਦਾ ਸਰਗਰਮੀ ਨਾਲ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਲੋਕ ਗੁਪਤ ਰੂਪ ‘ਚ ਲੋੜੀਂਦੇ ਅਪਰਾਧੀਆਂ/ ਗੈਂਗਸਟਰਾਂ ਬਾਰੇ ਜਾਣਕਾਰੀ ਦੇ ਸਕਦੇ ਹਨ ਅਤੇ ਅਪਰਾਧ ਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਚਨਾ ਵੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਦਿੱਤੀ ਗੈਂਗਸਟਰਾਂ ਦੀ ਜਾਣਕਾਰੀ ਦੇ ਅਧਾਰ ਤੇ ਕੋਈ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਵਿਅਕਤੀ ਨੂੁੰ 10 ਲੱਖ ਰੁਪਏ ਤੱਕ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।