'ਚੀਫ ਜਸਟਿਸ' ਬਣ ਕੇ ਠੱਗਾਂ ਨੇ ਬਜ਼ੁਰਗ ਔਰਤ ਤੋਂ ਠੱਗੇ 3.71 ਕਰੋੜ; ਗੁਜਰਾਤ ਤੋਂ ਇੱਕ ਕਾਬੂ

ਦੇਸ਼ ਵਿੱਚ ਸਾਈਬਰ ਠੱਗਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਹ ਦੇਸ਼ ਦੀਆਂ ਸਰਵਉੱਚ ਹਸਤੀਆਂ ਦੇ ਨਾਮ ਦੀ ਵਰਤੋਂ ਕਰਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਅਜਿਹਾ ਹੀ ਇੱਕ ਹੈਰਾਨੀਜਨਕ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ, ਜਿੱਥੇ ਸਾਈਬਰ ਅਪਰਾਧੀਆਂ ਨੇ ਸਾਬਕਾ ਚੀਫ ਜਸਟਿਸ ਚੰਦਰਚੂੜ ਅਤੇ ਹੋਰ ਉੱਚ ਅਧਿਕਾਰੀ ਬਣ ਕੇ ਇੱਕ 68 ਸਾਲਾ ਬਜ਼ੁਰਗ ਮਹਿਲਾ ਨਾਲ 3.71 ਕਰੋੜ ਰੁਪਏ ਦੀ ਵੱਡੀ ਠੱਗੀ ਮਾਰੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਗੁਜਰਾਤ ਦੇ ਸੂਰਤ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਸ ਅਨੁਸਾਰ ਇਹ ਘਟਨਾ 18 ਅਗਸਤ ਤੋਂ 13 ਅਕਤੂਬਰ ਦੇ ਵਿਚਕਾਰ ਵਾਪਰੀ। ਠੱਗਾਂ ਨੇ ਮਹਿਲਾ ਨੂੰ ਫੋਨ ਕਰਕੇ ਦਾਅਵਾ ਕੀਤਾ ਕਿ ਉਹ ਕੋਲਾਬਾ ਥਾਣੇ ਤੋਂ ਬੋਲ ਰਹੇ ਹਨ ਤੇ ਉਸ ਦੇ ਬੈਂਕ ਖਾਤੇ ਦੀ ਵਰਤੋਂ ਮਨੀ ਲਾਂਡਰਿੰਗ (ਪੈਸੇ ਦੀ ਹੇਰਾਫੇਰੀ) ਲਈ ਕੀਤੀ ਜਾ ਰਹੀ ਹੈ। ਡਰਾਉਣ ਲਈ ਠੱਗਾਂ ਨੇ ਸੀਬੀਆਈ ਅਧਿਕਾਰੀ ਐਸ.ਕੇ. ਜੈਸਵਾਲ ਬਣ ਕੇ ਮਹਿਲਾ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਆਪਣੀ ਜ਼ਿੰਦਗੀ 'ਤੇ ਦੋ-ਤਿੰਨ ਪੰਨਿਆਂ ਦਾ ਲੇਖ ਲਿਖਣ ਲਈ ਵੀ ਕਿਹਾ।ਹੱਦ ਤਾਂ ਉਦੋਂ ਹੋ ਗਈ ਜਦੋਂ ਠੱਗਾਂ ਨੇ ਮਹਿਲਾ ਨੂੰ ਵੀਡੀਓ ਕਾਲ ਰਾਹੀਂ ਇੱਕ ਨਕਲੀ ਅਦਾਲਤ ਵਿੱਚ ਪੇਸ਼ ਕੀਤਾ। ਵੀਡੀਓ ਕਾਲ 'ਤੇ ਇੱਕ ਵਿਅਕਤੀ ਨੇ ਖੁਦ ਨੂੰ ਚੀਫ ਜਸਟਿਸ ਚੰਦਰਚੂੜ ਦੱਸਿਆ ਅਤੇ ਮਹਿਲਾ ਦੇ ਨਿਵੇਸ਼ਾਂ ਦੀ ਜਾਂਚ ਦੇ ਨਾਮ 'ਤੇ ਵੇਰਵੇ ਮੰਗੇ। ਇਸ 'ਡਿਜੀਟਲ ਅਰੈਸਟ' ਦੇ ਡਰ ਕਾਰਨ ਪੀੜਤਾ ਨੇ ਦੋ ਮਹੀਨਿਆਂ ਵਿੱਚ ਵੱਖ-ਵੱਖ ਬੈਂਕ ਖਾਤਿਆਂ ਵਿੱਚ 3.75 ਕਰੋੜ ਰੁਪਏ ਟ੍ਰਾਂਸਫਰ ਕਰ ਦਿੱਤੇ।ਮਹਿਲਾ ਦੀ ਸ਼ਿਕਾਇਤ 'ਤੇ ਸਾਈਬਰ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਪੈਸੇ ਕਈ ਖਾਤਿਆਂ ਵਿੱਚ ਗਏ ਸਨ। ਪੁਲਸ ਨੇ ਸੂਰਤ ਤੋਂ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਕੱਪੜਾ ਵਪਾਰ ਦੀ ਇੱਕ ਫਰਜ਼ੀ ਕੰਪਨੀ ਬਣਾ ਕੇ ਆਪਣਾ ਬੈਂਕ ਖਾਤਾ ਠੱਗਾਂ ਨੂੰ ਮੁਹੱਈਆ ਕਰਵਾਇਆ ਸੀ। ਇਸ ਬਦਲੇ ਉਸ ਨੂੰ 6.40 ਲੱਖ ਰੁਪਏ ਦਾ ਕਮਿਸ਼ਨ ਮਿਲਿਆ ਸੀ। ਫੜੇ ਗਏ ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਇਸ ਗਿਰੋਹ ਦੇ ਦੋ ਮੁੱਖ ਸਰਗਨਾ ਫਿਲਹਾਲ ਵਿਦੇਸ਼ ਵਿੱਚ ਬੈਠੇ ਹਨ।

ਇਸ ਲੇਖ ਨੂੰ ਸਾਂਝਾ ਕਰੋ: