1 ਜੁਲਾਈ ਤੋਂ BC Hydro ਦੀ ਨਵੀਂ ਸੋਲਰ ਭੁਗਤਾਨ ਨੀਤੀ ਲਾਗੂ, ਗ੍ਰੀਨ ਪਾਰਟੀ ਨੇ ਜਤਾਈ ਚਿੰਤਾ

1 ਜੁਲਾਈ ਤੋਂ ਬੀਸੀ ਹਾਈਡਰੋ ਨੇ ਘਰੇਲੂ ਸੋਲਰ ਪੈਨਲਾਂ ਰਾਹੀਂ ਗ੍ਰਿਡ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੇ ਭੁਗਤਾਨ ਦਾ ਤਰੀਕਾ ਬਦਲ ਦਿੱਤਾ ਹੈ। ਨਵੀਂ ਨੀਤੀ ਤਹਿਤ ਹੁਣ ਸੋਲਰ ਪੈਨਲ ਮਾਲਕਾਂ ਨੂੰ ਗ੍ਰਿਡ ਵਿੱਚ ਭੇਜੀ ਗਈ ਬਿਜਲੀ ਲਈ ਪਹਿਲਾਂ ਵਾਂਗ ਬਰਾਬਰ ਦਾ ਕਰੈਡਿਟ ਨਹੀਂ ਮਿਲੇਗਾ। ਪਹਿਲਾਂ ਨੈੱਟ ਮੀਟਰਿੰਗ ਪ੍ਰਣਾਲੀ ਅਧੀਨ ਜਿੰਨੀ ਬਿਜਲੀ ਘਰਾਂ ਵੱਲੋਂ ਗ੍ਰਿਡ ਨੂੰ ਦਿੱਤੀ ਜਾਂਦੀ ਸੀ, ਉਨ੍ਹਾਂ ਨੂੰ ਉਨੀ ਹੀ ਬਿਜਲੀ ਦਾ ਕਰੈਡਿਟ ਮਿਲਦਾ ਸੀ। ਹੁਣ ਬੀਸੀ ਹਾਈਡਰੋ ਵਾਧੂ ਬਿਜਲੀ ਲਈ ਸਿਰਫ਼ 10 ਸੈਂਟ ਪ੍ਰਤੀ ਕਿਲੋਵਾਟ ਘੰਟਾ ਦੇਵੇਗਾ, ਜਦਕਿ ਘਰੇਲੂ ਖਪਤਕਾਰਾਂ ਤੋਂ ਬਿਜਲੀ ਦੀ ਕੀਮਤ 12 ਤੋਂ 14 ਸੈਂਟ ਜਾਂ ਇਸ ਤੋਂ ਵੱਧ ਵਸੂਲੀ ਜਾਂਦੀ ਹੈ। ਵੈਸਟ ਵੈਨਕੂਵਰ–ਸੀ ਟੂ ਸਕਾਈ ਤੋਂ ਬੀਸੀ ਗ੍ਰੀਨ ਪਾਰਟੀ ਦੇ ਵਿਧਾਇਕ ਜੇਰਮੀ ਵੈਲੇਰੀਓਟ ਨੇ ਇਸ ਫ਼ੈਸਲੇ ਨੂੰ ਨਿਰਾਸ਼ਾਜਨਕ ਕਰਾਰ ਦਿੰਦਿਆਂ ਕਿਹਾ ਕਿ ਇਹ ਲੋਕਾਂ ਨੂੰ clean energy ਵਿੱਚ invest ਕਰਨ ਤੋਂ ਰੋਕੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸੂਬਾ LNG ਉਦਯੋਗ ਨੂੰ ਘੱਟ ਦਰਾਂ 'ਤੇ ਬਿਜਲੀ ਮੁਹੱਈਆ ਕਰਵਾ ਰਿਹਾ ਹੈ, ਉਸੇ ਸਮੇਂ ਘਰੇਲੂ ਸੋਲਰ ਨਿਵੇਸ਼ਕਾਂ ਨੂੰ ਘੱਟ ਭੁਗਤਾਨ ਦੇਣਾ ਗਲਤ ਸੰਦੇਸ਼ ਦਿੰਦਾ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਨੀਤੀ 'ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਲੋਕਾਂ ਨੂੰ clean energy ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇ।

ਇਸ ਲੇਖ ਨੂੰ ਸਾਂਝਾ ਕਰੋ: