ਕੈਲੀਫੋਰਨੀਆ: ਕਾਰ ਦੀ ਟੱਕਰ ਨਾਲ ਤਿੰਨ ਔਰਤਾਂ ਦੀ ਮੌਤ, ਡਰਾਈਵਰ ਗ੍ਰਿਫ਼ਤਾਰ
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਤੋਂ ਇੱਕ ਬੇਹੱਦ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਲਾਸ ਏਂਜਲਸ ਦੇ ਨੌਰਥ ਹਾਲੀਵੁੱਡ ਇਲਾਕੇ ਵਿੱਚ ਇੱਕ ਤੇਜ਼ ਰਫ਼ਤਾਰ ਮਿਨੀਵੈਨ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਅਤੇ ਖਾਣੇ ਦੇ ਸਟਾਲਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿੱਚ ਤਿੰਨ ਔਰਤਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਔਰਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।
ਇਹ ਹਾਦਸਾ 10 ਨਵੰਬਰ 2026 ਨੂੰ ਸ਼ਾਮ ਲਗਭਗ 5 ਵੱਜ ਕੇ 55 ਮਿੰਟ 'ਤੇ ਲੈਂਕਰਸ਼ਿਮ ਬੁਲੇਵਾਰਡ 'ਤੇ ਨੌਰਥ ਹਾਲੀਵੁੱਡ ਮੈਟਰੋ ਸਟੇਸ਼ਨ ਦੇ ਨੇੜੇ ਵਾਪਰਿਆ।
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇੱਕ ਚਿੱਟੇ ਰੰਗ ਦੀ Toyota Sienna ਮਿਨੀਵੈਨ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ। ਇਸ ਦੌਰਾਨ ਗੱਡੀ ਅਚਾਨਕ ਸੜਕ ਤੋਂ ਬਾਹਰ ਨਿਕਲ ਗਈ ਅਤੇ ਫੁੱਟਪਾਥ 'ਤੇ ਮੌਜੂਦ ਖਾਣੇ ਦੇ ਸਟਾਲਾਂ ਅਤੇ ਉੱਥੇ ਖੜ੍ਹੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਇਸ ਹਾਦਸੇ ਵਿੱਚ 40 ਤੋਂ 60 ਸਾਲ ਦੀ ਉਮਰ ਵਾਲੀਆਂ ਤਿੰਨ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋ ਹੋਰ ਔਰਤਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਨੇ ਗੱਡੀ ਚਲਾ ਰਹੇ 61 ਸਾਲਾ ਵਿਅਕਤੀ ਦੀ ਪਛਾਣ ਇਹੋਰ ਡੇਮਿਆਨੇਨਕੋ ਵਜੋਂ ਕੀਤੀ ਹੈ, ਜੋ ਵੈਲੀ ਵਿਲੇਜ ਦਾ ਰਹਿਣ ਵਾਲਾ ਹੈ। ਉਸ ਨੂੰ ਵੀ ਹਾਦਸੇ ਦੌਰਾਨ ਮਾਮੂਲੀ ਸੱਟਾਂ ਲੱਗੀਆਂ ਅਤੇ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਉਸ ਖ਼ਿਲਾਫ਼ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਅਤੇ ਤਿੰਨ ਔਰਤਾਂ ਦੀ ਮੌਤ ਦੇ ਸਬੰਧ ਵਿੱਚ ਤਿੰਨ ਕਤਲਾਂ ਦੇ ਸ਼ੱਕੀ ਦੋਸ਼ ਲਗਾਏ ਹਨ। ਉਸ ਦੀ ਜ਼ਮਾਨਤ ਦੀ ਰਕਮ ਲਗਭਗ 60 ਲੱਖ ਡਾਲਰ ਰੱਖੀ ਗਈ ਹੈ।