ਟੋਰਾਂਟੋ ਵਿੱਚ 18 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਇੱਕ ਹੋਰ ਸਨਸਨੀਖੇਜ਼ ਕ੍ਰਾਈਮ ਨਿਊਜ਼ ਸਾਹਮਣੇ ਆਈ ਹੈ, ਜਿੱਥੇ ਗੋਲੀਬਾਰੀ ਦੀ ਇੱਕ ਘਟਨਾ ਵਿੱਚ 18 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਟੋਰਾਂਟੋ ਪੁਲਿਸ ਨੇ 19 ਸਾਲਾ ਨੌਜਵਾਨ ਦੀ ਤਸਵੀਰ ਜਾਰੀ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਘਟਨਾ 10 ਨਵੰਬਰ ਦੀ ਰਾਤ ਲਗਭਗ 12 ਵੱਜ ਕੇ 56 ਮਿੰਟ 'ਤੇ ਮਾਰਟਿਨ ਗਰੋਵ ਰੋਡ ਅਤੇ ਫਿੰਚ ਐਵੇਨਿਊ ਵੈਸਟ ਦੇ ਇਲਾਕੇ ਵਿੱਚ ਵਾਪਰੀ।
ਗੋਲੀਆਂ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਪੁਲਿਸ ਨੂੰ ਮੌਕੇ 'ਤੇ ਬੁਲਾਇਆ ਗਿਆ। ਜਦੋਂ ਅਧਿਕਾਰੀ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਹਾਲਤ ਵਿੱਚ ਮਿਲਿਆ। ਪੁਲਿਸ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਬ੍ਰੈਂਡਨ ਬਲੇਕ ਵਜੋਂ ਹੋਈ ਹੈ, ਜਿਸ ਦੀ ਉਮਰ ਸਿਰਫ਼ 18 ਸਾਲ ਸੀ ਅਤੇ ਉਹ ਬੈਰੀ ਸ਼ਹਿਰ ਦਾ ਰਹਿਣ ਵਾਲਾ ਸੀ।
ਇਸ ਮਾਮਲੇ ਵਿੱਚ ਪੁਲਿਸ ਨੇ 19 ਸਾਲਾ ਜੋਸਫ਼ ਕੁਨੇਨੇ ਨੂੰ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਵਿੱਚ ਲੋੜੀਂਦਾ ਦੱਸਿਆ ਹੈ। ਪੁਲਿਸ ਮੁਤਾਬਕ ਉਹ ਹਥਿਆਰਬੰਦ ਅਤੇ ਖ਼ਤਰਨਾਕ ਹੋ ਸਕਦਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹ ਉਸ ਨੂੰ ਦੇਖਣ ਤਾਂ ਉਸ ਦੇ ਨੇੜੇ ਜਾਣ ਦੀ ਬਜਾਏ ਤੁਰੰਤ 911 'ਤੇ ਫ਼ੋਨ ਕਰਨ।
ਪੁਲਿਸ ਮੁਤਾਬਕ ਇਸ ਘਟਨਾ ਤੋਂ ਬਾਅਦ ਦੋ ਸ਼ੱਕੀ ਮੌਕੇ ਤੋਂ ਫ਼ਰਾਰ ਹੋ ਗਏ ਸਨ। ਦੂਜੇ ਸ਼ੱਕੀ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਜਾਂ ਵੀਡੀਓ ਹੈ ਤਾਂ ਉਹ ਜਾਂਚ ਵਿੱਚ ਮਦਦ ਕਰਨ ਲਈ ਅੱਗੇ ਆਵੇ।