ਕੈਨੇਡਾ ਸਰਕਾਰ ਵੱਲੋਂ ਸਿਹਤ ਅਤੇ ਕਲਾਈਮੇਟ ਰਿਜ਼ੀਲਿਐਂਸ ਲਈ ਕਰੋੜਾਂ ਡਾਲਰ ਦਾ ਐਲਾਨ
ਫੈਡਰਲ ਸਰਕਾਰ ਨੇ ਕੈਨਾਬਿਸ ਦੇ ਸਿਹਤ ’ਤੇ ਪ੍ਰਭਾਵਾਂ ਦੀ ਖੋਜ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਕੁੱਲ 58 ਮਿਲੀਅਨ ਡਾਲਰ ਦੇ ਫੰਡ ਦਾ ਐਲਾਨ ਕੀਤਾ ਹੈ। ਸਿਹਤ ਮੰਤਰੀ ਮਾਰਜੋਰੀ ਮਿਸ਼ੇਲ ਨੇ ਕੈਨੇਡੀਅਨ ਕੈਨਾਬਿਸ ਐਂਡ ਬ੍ਰੇਨ ਹੈਲਥ ਕਨਸੋਰਟੀਅਮ ਬਣਾਉਣ ਲਈ 24 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਕੈਨੇਡਾ ਦੀਆਂ 10 ਰਿਸਰਚ ਟੀਮਾਂ ਕੈਨਾਬਿਸ ਦੇ ਦਿਮਾਗ ’ਤੇ ਪੈਣ ਵਾਲੇ ਸੰਭਾਵਿਤ ਫਾਇਦਿਆਂ ਅਤੇ ਨੁਕਸਾਨਾਂ ਦਾ ਅਧਿਐਨ ਕਰਨਗੀਆਂ। ਖੋਜ ਵਿੱਚ ਮਿਰਗੀ, ਚਿੰਤਾ, ਮਾਨਸਿਕ ਸਿਹਤ, ਨੀਂਦ ਅਤੇ ਨੌਜਵਾਨਾਂ ਤੇ ਗਰਭ ਅਵਸਥਾ ਦੌਰਾਨ ਦਿਮਾਗ ਦੇ ਵਿਕਾਸ ’ਤੇ ਪ੍ਰਭਾਵਾਂ ਨੂੰ ਵੀ ਦੇਖਿਆ ਜਾਵੇਗਾ। 3 ਹਜ਼ਾਰ ਤੋਂ ਵੱਧ ਲੋਕਾਂ ਨੂੰ ਇਸ ਖੋਜ ਵਿੱਚ ਸ਼ਾਮਲ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਫੈਡਰਲ ਸਰਕਾਰ ਦੇਸ਼ ਭਰ ਵਿੱਚ 141 ਕਲਾਈਮੇਟ ਰਿਜ਼ੀਲਿਐਂਸ ਪ੍ਰੋਜੈਕਟਾਂ ਲਈ 34 ਮਿਲੀਅਨ ਡਾਲਰ ਖਰਚ ਕਰ ਰਹੀ ਹੈ। ਵਾਤਾਵਰਣ ਮੰਤਰੀ ਜੂਲੀ ਡੈਬਰੂਸਿਨ ਹੈਲੀਫੈਕਸ ਵਿੱਚ ਇਸ ਦਾ ਐਲਾਨ ਕਰ ਰਹੇ ਹਨ। ਹੈਲੀਫੈਕਸ ਨੂੰ ਲਗਭਗ 8 ਲੱਖ ਡਾਲਰ ਮਿਲਣਗੇ, ਜਿਸ ਨਾਲ ਪਾਰਕਾਂ ਵਿੱਚ ਅਜਿਹੀਆਂ ਸਹੂਲਤਾਂ ਲਗਾਈਆਂ ਜਾਣਗੀਆਂ ਜੋ ਲੋਕਾਂ ਨੂੰ ਅੱਤ ਦੀ ਗਰਮੀ ਦੌਰਾਨ ਠੰਡਾ ਰੱਖਣ ਵਿੱਚ ਮਦਦ ਕਰਨ। ਦੇਸ਼ ਭਰ ਦੇ 128 ਭਾਈਚਾਰਿਆਂ ਨੂੰ ਵੱਖ-ਵੱਖ ਪ੍ਰੋਜੈਕਟਾਂ ਲਈ ਫੰਡ ਮਿਲੇਗਾ। ਵਾਟਰਲੂ ਮਿਊਂਸਪੈਲਿਟੀ ਨੂੰ 6 ਲੱਖ 50 ਹਜ਼ਾਰ ਡਾਲਰ ਅਤੇ ਕਿਊਬੈਕ ਦੀ ਇੱਕ ਕਮਿਊਨਿਟੀ ਨੂੰ ਹੜ੍ਹਾਂ ਦੇ ਖ਼ਤਰੇ ਨੂੰ ਘਟਾਉਣ ਲਈ 10 ਲੱਖ ਡਾਲਰ ਦਿੱਤੇ ਜਾਣਗੇ।