ਵੈਨਕੂਵਰ ਵਿੱਚ ਡਰੱਗ ਵਰਤੋਂ ਅਤੇ ਮਾਨਸਿਕ ਸਿਹਤ ਮਾਮਲਿਆਂ ’ਤੇ ਪਲੈਬਿਸਾਈਟ ਦੀ ਤਿਆਰੀ

ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਪਬਲਿਕ ਸੇਫਟੀ, ਸੜਕਾਂ ’ਤੇ ਵਧ ਰਹੀ ਅਵਿਵਸਥਾ ਅਤੇ ਗੰਭੀਰ ਮਾਨਸਿਕ ਸਿਹਤ ਤੇ ਨਸ਼ੇ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਪਲੈਬਿਸਾਈਟ ਕਰਵਾਉਣ ਵਾਸਤੇ ਵਿਸ਼ੇਸ਼ ਕੌਂਸਲ ਮੀਟਿੰਗ ਬੁਲਾਈ ਹੈ। ਪਲੈਬਿਸਾਈਟ ਦਾ ਮਤਲਬ ਕਿਸੇ ਮਹੱਤਵਪੂਰਨ ਜਨਤਕ ਮੁੱਦੇ ਬਾਰੇ ਕਿਸੇ ਖੇਤਰ ਦੇ ਸਾਰੇ ਯੋਗ ਵੋਟਰਾਂ ਵੱਲੋਂ ਸਿੱਧੀ ਵੋਟਿੰਗ ਹੁੰਦਾ ਹੈ ਜੇ ਸਿਟੀ ਕੌਂਸਲ ਮਨਜ਼ੂਰੀ ਦਿੰਦੀ ਹੈ ਤਾਂ ਇਹ ਪਲੈਬਿਸਾਈਟ 17 ਅਕਤੂਬਰ ਨੂੰ ਮਿਊਂਸਪਲ ਚੋਣਾਂ ਦੇ ਨਾਲ ਕਰਵਾਇਆ ਜਾਵੇਗਾ। ਵੋਟਰਾਂ ਤੋਂ ਦੋ ਸਵਾਲ ਪੁੱਛੇ ਜਾਣਗੇ। ਪਹਿਲੇ ਸਵਾਲ ਵਿੱਚ ਪੁੱਛਿਆ ਜਾਵੇਗਾ ਕਿ ਕੀ ਸ਼ਹਿਰ ਨੂੰ ਜਨਤਕ ਥਾਵਾਂ ’ਤੇ ਹੈਰੋਇਨ, ਮੈਥਾਮਫੇਟਾਮਾਈਨ, ਫੈਂਟਾਨਿਲ ਅਤੇ ਕਰੈਕ ਕੋਕੀਨ ਵਰਗੇ ਹਾਰਡ ਡਰੱਗਜ਼ ਦੀ ਖੁੱਲ੍ਹੇਆਮ ਵਰਤੋਂ ’ਤੇ ਪਾਬੰਦੀ ਲਈ ਕਾਨੂੰਨ ਮਜ਼ਬੂਤ ਕਰਨੇ ਚਾਹੀਦੇ ਹਨ। ਦੂਜੇ ਸਵਾਲ ਵਿੱਚ ਬੀ.ਸੀ. ਸਰਕਾਰ ਨੂੰ ਸਾਬਕਾ ਸੇਂਟ ਪੌਲਜ਼ ਹਸਪਤਾਲ ਵਾਲੀ ਥਾਂ ਜਾਂ ਕਿਸੇ ਹੋਰ ਢੁੱਕਵੀਂ ਜਗ੍ਹਾ ’ਤੇ ਸੁਰੱਖਿਅਤ ਮੈਡੀਕਲ ਸਹੂਲਤ ਬਣਾਉਣ ਦੀ ਮੰਗ ਕਰਨ ਬਾਰੇ ਰਾਏ ਲਈ ਜਾਵੇਗੀ। ਇਸ ਵਿੱਚ 100 ਤੋਂ ਵੱਧ ਇਨਵਾਲੰਟਰੀ ਟਰੀਟਮੈਂਟ ਬੈੱਡ ਹੋਣ ਦੀ ਤਜਵੀਜ਼ ਹੈ। ਮੇਅਰ ਸਿਮ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ। ਹਾਲਾਂਕਿ ਵਿਰੋਧੀ ਧਿਰਾਂ ਨੇ ਇਸ ਪ੍ਰਸਤਾਵ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਮੇਅਰ ਕੋਲ ਇਸ ਸਮੱਸਿਆ ਨਾਲ ਨਜਿੱਠਣ ਲਈ ਚਾਰ ਸਾਲ ਸਨ। ਸਿਟੀ ਕੌਂਸਲ ਅੱਜ, 14 ਅਗਸਤ ਨੂੰ ਸਵੇਰੇ 8 ਵਜੇ ਪ੍ਰਸਤਾਵਿਤ ਪਲੈਬਿਸਾਈਟ ’ਤੇ ਵੋਟ ਕਰੇਗੀ।

ਇਸ ਲੇਖ ਨੂੰ ਸਾਂਝਾ ਕਰੋ: