ਸਮਰਲੈਂਡ ਵਿੱਚ ਅੱਗ ਤੋਂ ਬਾਅਦ ਹਾਲਾਤਾਂ ਵਿਚ ਸੁਧਾਰ, ਲੋਕਾਂ ਦੇ ਘਰ ਵਾਪਿਸ ਪਰਤਣ ਦੀ ਉਮੀਦ
ਸਮਰਲੈਂਡ ਵਿੱਚ ਬਾਲਡ ਰੇਂਜ ਜੰਗਲੀ ਅੱਗ ਨੂੰ ਕਾਬੂ ਕਰਨ ਵਿੱਚ ਫਾਇਰਫਾਈਟਰਾਂ ਨੂੰ ਕਾਮਯਾਬੀ ਮਿਲ ਰਹੀ ਹੈ ਅਤੇ ਹੁਣ ਕਰੀਬ 20 ਹਜ਼ਾਰ ਲੋਕਾਂ ਦੇ ਆਉਣ ਵਾਲੇ ਦਿਨਾਂ ਵਿੱਚ ਘਰ ਵਾਪਸ ਪਰਤਣ ਦੀ ਉਮੀਦ ਹੈ।
ਓਕਾਨਾਗਨ-ਸਿਮਿਲਕਾਮੀਨ ਰੀਜਨਲ ਡਿਸਟ੍ਰਿਕਟ ਮੁਤਾਬਕ, ਅੱਗ ਕਾਰਨ ਇਲਾਕੇ ਵਿੱਚ ਘੱਟੋ-ਘੱਟ 150 ਢਾਂਚੇ ਨੁਕਸਾਨੇ ਜਾਂ ਤਬਾਹ ਹੋਏ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਕਿ ਇਨ੍ਹਾਂ ਵਿੱਚੋਂ ਕਿੰਨੇ ਘਰ ਹਨ ਅਤੇ ਕਿੰਨੇ ਸ਼ੈੱਡ ਜਾਂ ਬਾਰਨ।
ਡੈਨੀਅਲ ਵੈਲਕੋਰਟ ਦਾ ਘਰ ਅਤੇ ਪਰਿਵਾਰ ਦਾ ਵੱਡਾ ਹਿੱਸਾ ਘੋੜਿਆਂ ਦਾ ਸੈਂਟਰ ਅੱਗ ਦੀ ਲਪੇਟ ਵਿੱਚ ਆ ਗਿਆ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਬਹੁਤ ਕੁਝ ਗੁਆਇਆ, ਪਰ ਸਭ ਤੋਂ ਮਹੱਤਵਪੂਰਨ ਲੋਕਾਂ ਅਤੇ ਜਾਨਵਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਵੈਲਕੋਰਟ ਨੂੰ 29 ਘੋੜਿਆਂ, ਗਰਭਵਤੀ ਕੁੱਤਿਆਂ ਅਤੇ ਬਿੱਲੀਆਂ ਨੂੰ ਤੁਰੰਤ ਇਲਾਕੇ ਤੋਂ ਕੱਢਣਾ ਪਿਆ। ਉਨ੍ਹਾਂ ਦੱਸਿਆ ਕਿ ਆਖਰੀ ਘੋੜੇ ਨੂੰ ਅੱਗੇ ਵਧਦੀਆਂ ਲਪਟਾਂ ਦੇ ਵਿਚਕਾਰ ਹੱਥ ਨਾਲ ਬਾਹਰ ਲੈ ਕੇ ਜਾਣਾ ਪਿਆ।
ਇਸ ਦੌਰਾਨ ਸਮਰਲੈਂਡ ਵਿੱਚ ਬਿਜਲੀ 90 ਫੀਸਦੀ ਇਲਾਕਿਆਂ ਵਿੱਚ ਬਹਾਲ ਹੋ ਗਈ ਹੈ ਅਤੇ ਸੀਵਰੇਜ ਪਲਾਂਟ ਵੀ ਮੁੜ ਚਾਲੂ ਹੋ ਗਿਆ ਹੈ। ਮੇਅਰ ਡੱਗ ਹੋਮਜ਼ ਨੇ ਫਾਇਰਫਾਈਟਰਾਂ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਕਾਰਨ ਕਈ ਪੂਰੇ ਮੁਹੱਲੇ ਤਬਾਹ ਹੋਣ ਤੋਂ ਬਚ ਗਏ।