ਗਵਾਂਢੀ ਨੂੰ ਗੋਲੀ ਮਾਰਨ ਵਾਲੇ ਦੋਸ਼ੀ ਨੂੰ ਅਦਾਲਤ ਵੱਲੋਂ 1 ਮਿਲੀਅਨ ਤੋਂ ਵੱਧ ਦਾ ਮੁਆਵਜ਼ਾ ਦੇਣ ਦਾ ਹੁਕਮ

ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਗੋਲੀਬਾਰੀ ਦੀ ਇੱਕ ਘਟਨਾ ਲਈ 1 ਮਿਲੀਅਨ ਡਾਲਰ ਤੋਂ ਵੱਧ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ; ਇਸ ਘਟਨਾ ਵਿੱਚ ਇੱਕ ਵਿਅਕਤੀ ਸਾਰੀ ਉਮਰ ਲਈ ਜ਼ਖ਼ਮੀ ਹੋ ਗਿਆ ਸੀ ਅਤੇ ਉਸਦੀ ਪਤਨੀ ਇਸ ਹਿੰਸਕ ਟਕਰਾਅ ਨੂੰ ਦੇਖਣ ਤੋਂ ਬਾਅਦ ਗੰਭੀਰ ਮਾਨਸਿਕ ਸਦਮੇ ਵਿੱਚ ਚਲੀ ਗਈ ਸੀ।

ਮਈ 2022 ਵਿੱਚ ਪੌਲ ਟ੍ਰੀਗਰ ਨੇ ਆਪਣੇ ਗੁਆਂਢੀ ਐਂਥਨੀ ਨੈਲਸਨ ਨੂੰ .22 ਕੈਲੀਬਰ ਰਾਈਫਲ ਨਾਲ ਬਿਲਕੁਲ ਨੇੜਿਓਂ ਪੇਟ ਵਿੱਚ ਗੋਲੀ ਮਾਰੀ ਸੀ। ਐਂਥਨੀ ਦੀ ਪਤਨੀ ਵੈਂਡੀ ਨੇ ਇਹ ਘਟਨਾ ਆਪਣੀਆਂ ਅੱਖਾਂ ਨਾਲ ਦੇਖੀ ਸੀ।

ਟ੍ਰੀਗਰ ਨੂੰ ਪਿਛਲੇ ਸਾਲ ਅਗ੍ਰੇਵੇਟਿਡ ਅਸਾਲਟ ਅਤੇ ਹਥਿਆਰਾਂ ਨਾਲ ਸਬੰਧਤ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਹੋਈ ਸੀ।

ਸੋਮਵਾਰ ਨੂੰ ਜਾਰੀ ਸਿਵਲ ਕੋਰਟ ਦੇ ਫੈਸਲੇ ਵਿੱਚ ਜਸਟਿਸ ਜੂਲੀ ਗਿਬਸਨ ਨੇ ਐਂਥਨੀ ਨੈਲਸਨ ਨੂੰ 7 ਲੱਖ 67 ਹਜ਼ਾਰ ਡਾਲਰ ਅਤੇ ਵੈਂਡੀ ਨੈਲਸਨ ਨੂੰ 2 ਲੱਖ 79 ਹਜ਼ਾਰ ਡਾਲਰ ਤੋਂ ਵੱਧ ਹਰਜਾਨਾ ਦੇਣ ਦਾ ਹੁਕਮ ਦਿੱਤਾ।

ਅਦਾਲਤ ਨੇ ਟ੍ਰੀਗਰ ਨੂੰ ਬੀ.ਸੀ. ਸਰਕਾਰ ਨੂੰ ਇਲਾਜ ਦੇ ਖਰਚਿਆਂ ਲਈ ਲਗਭਗ 64 ਹਜ਼ਾਰ ਡਾਲਰ ਦੇਣ ਲਈ ਵੀ ਕਿਹਾ ਹੈ।

ਜੱਜ ਨੇ ਕਿਹਾ ਕਿ ਟ੍ਰੀਗਰ ਨੇ ਸਿਵਲ ਕੇਸ ਦੌਰਾਨ ਵੀ ਗੋਲੀ ਚਲਾਉਣ ਦੀ ਜ਼ਿੰਮੇਵਾਰੀ ਨਹੀਂ ਮੰਨੀ ਅਤੇ ਉਸ ਦੇ ਰਵੱਈਏ ਨੂੰ ਨੈਲਸਨ ਪਰਿਵਾਰ ਦੇ ਦੁੱਖ ਪ੍ਰਤੀ ਬੇਹੱਦ ਬੇਪਰਵਾਹ ਦੱਸਿਆ।

ਇਸ ਲੇਖ ਨੂੰ ਸਾਂਝਾ ਕਰੋ: