ਬੀ.ਸੀ. ਸਰਕਾਰ ਵੱਲੋਂ ਗਰਿੰਦਰ ਦੇਓ ਨਾਲ ਜੁੜੀਆਂ 11 ਮਿਲੀਅਨ ਡਾਲਰ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਕਾਰਵਾਈ

ਬੀ.ਸੀ. ਦੇ ਵੈਸਟ ਵੈਨਕੂਵਰ ਨਾਲ ਸਬੰਧਤ ਕਥਿਤ ਗੈਂਗਸਟਰ ਗਰਿੰਦਰ ਦੇਓ ਨੂੰ ਫਰਾਂਸ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਆਰਸੀਐਮਪੀ ਨੇ ਪੁਸ਼ਟੀ ਕੀਤੀ ਹੈ ਕਿ ਦੇਓ ਨੂੰ 7 ਜੁਲਾਈ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਹੁਣ ਉਸ ਨੂੰ ਅਮਰੀਕਾ ਹਵਾਲੇ ਕੀਤਾ ਜਾਵੇਗਾ, ਜਿੱਥੇ ਉਹ ਐਫਬੀਆਈ ਦੇ ਆਪਰੇਸ਼ਨ ਹਾਰਡ ਬਾਲ ਨਾਲ ਜੁੜੇ ਮਾਮਲਿਆਂ ਵਿੱਚ ਦੋਸ਼ਾਂ ਦਾ ਸਾਹਮਣਾ ਕਰੇਗਾ।

ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਗਰਿੰਦਰ ਦੇਓ ਨੇ ਭਾਰਤ ਆਧਾਰਿਤ ਭਗਵਾਨਪੁਰੀਆ ਗੈਂਗ ਨਾਲ ਜੁੜੀਆਂ ਕਥਿਤ ਵਸੂਲੀਆਂ, ਸੁਪਾਰੀ ਹੱਤਿਆਵਾਂ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਭੂਮਿਕਾ ਨਿਭਾਈ। ਕੈਲੀਫੋਰਨੀਆ ਵਿੱਚ ਉਸ 'ਤੇ ਵੱਡੀ ਮਾਤਰਾ ਵਿੱਚ ਕੋਕੀਨ ਅਤੇ ਹੈਰੋਇਨ ਦੀ ਖਰੀਦ ਕਰਕੇ ਅਮਰੀਕਾ ਦੇ ਪੂਰਬੀ ਹਿੱਸੇ ਤੱਕ ਪਹੁੰਚਾਉਣ ਵਿੱਚ ਮਦਦ ਕਰਨ ਦੇ ਵੀ ਦੋਸ਼ ਹਨ।

ਇਸੇ ਹਫ਼ਤੇ ਬੀ.ਸੀ. ਸਰਕਾਰ ਨੇ ਦੇਓ ਨਾਲ ਜੁੜੀਆਂ ਵੈਸਟ ਵੈਨਕੂਵਰ ਅਤੇ ਸਰੀ ਵਿੱਚ ਸਥਿਤ 1 ਕਰੋੜ 10 ਲੱਖ ਡਾਲਰ ਤੋਂ ਵੱਧ ਕੀਮਤ ਦੀਆਂ ਤਿੰਨ ਜਾਇਦਾਦਾਂ ਜ਼ਬਤ ਕਰਨ ਲਈ ਸਿਵਲ ਫੋਰਫਿਚਰ ਦਾ ਕੇਸ ਵੀ ਦਾਇਰ ਕੀਤਾ ਹੈ। ਸਰਕਾਰ ਦਾ ਦੋਸ਼ ਹੈ ਕਿ ਇਹ ਸੰਪਤੀਆਂ ਕਥਿਤ ਅਪਰਾਧਿਕ ਕਮਾਈ ਨਾਲ ਖਰੀਦੀਆਂ ਗਈਆਂ ਹਨ।

ਮਾਮਲੇ ਦੀ ਜਾਂਚ ਅਮਰੀਕੀ ਅਤੇ ਕੈਨੇਡੀਅਨ ਏਜੰਸੀਆਂ ਵੱਲੋਂ ਸਾਂਝੇ ਤੌਰ 'ਤੇ ਜਾਰੀ ਹੈ।

ਬੀ.ਸੀ. ਸਰਕਾਰ ਇੱਕ ਕਥਿਤ ਡਰੱਗ ਸਮੱਗਲਰ ਨਾਲ ਜੁੜੀਆਂ 11 ਮਿਲੀਅਨ ਡਾਲਰ ਤੋਂ ਵੱਧ ਕੀਮਤ ਦੀਆਂ ਤਿੰਨ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕਾਰਵਾਈ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਪ੍ਰਾਪਤ ਸੰਪਤੀ ਜ਼ਬਤ ਕਰਨ ਵਾਲੇ ਕਾਨੂੰਨ ਤਹਿਤ ਸ਼ੁਰੂ ਕੀਤੀ ਗਈ ਹੈ।

ਸੂਬੇ ਦੇ ਡਾਇਰੈਕਟਰ ਆਫ਼ ਸਿਵਲ ਫੋਰਫਿਚਰ ਨੇ ਬੁੱਧਵਾਰ ਨੂੰ ਗਰਿੰਦਰ ਦੇਓ ਖ਼ਿਲਾਫ਼ ਅਦਾਲਤ ਵਿੱਚ ਕੇਸ ਦਾਇਰ ਕੀਤਾ। ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਪੁਲਿਸ ਨੇ ਅਮਰੀਕੀ ਜਾਂਚ ਦੇ ਹਿੱਸੇ ਵਜੋਂ ਉਸ ਦੇ ਵੈਸਟ ਵੈਨਕੂਵਰ ਸਥਿਤ 5.5 ਮਿਲੀਅਨ ਡਾਲਰ ਦੇ ਘਰ ਦੀ ਤਲਾਸ਼ੀ ਲਈ ਸੀ।

ਅਮਰੀਕੀ ਅਧਿਕਾਰੀਆਂ ਮੁਤਾਬਕ ਦੇਓ 'ਤੇ ਇਲਜ਼ਾਮ ਹੈ ਕਿ ਉਸ ਨੇ ਭਾਰਤ ਆਧਾਰਿਤ ਭਗਵਾਨਪੁਰੀਆ ਗੈਂਗ ਲਈ ਕਥਿਤ ਤੌਰ 'ਤੇ ਡਰੱਗ ਸਪਲਾਈ ਵਿੱਚ ਮਦਦ ਕੀਤੀ। ਉਹ ਆਪਰੇਸ਼ਨ ਹਾਰਡ ਬਾਲ ਨਾਲ ਜੁੜੇ ਮਾਮਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ ਬਿਸ਼ਨੋਈ ਗੈਂਗ ਅਤੇ ਹੋਰ ਅੰਤਰਰਾਸ਼ਟਰੀ ਅਪਰਾਧਿਕ ਗਰੁੱਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ ਵੈਸਟ ਵੈਨਕੂਵਰ ਅਤੇ ਸਰੀ ਦੀਆਂ ਤਿੰਨ ਜਾਇਦਾਦਾਂ ਅਪਰਾਧਿਕ ਗਤੀਵਿਧੀਆਂ ਤੋਂ ਮਿਲੀ ਕਮਾਈ ਨਾਲ ਖਰੀਦੀਆਂ ਗਈਆਂ ਹੋ ਸਕਦੀਆਂ ਹਨ। ਦਸਤਾਵੇਜ਼ਾਂ ਵਿੱਚ ਕਰੀਬ 20 ਲੱਖ ਡਾਲਰ ਦੀਆਂ ਸ਼ੱਕੀ ਵਿੱਤੀ ਲੈਣ-ਦੇਣਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਅਜੇ ਤੱਕ ਮੁਲਜ਼ਮਾਂ ਵੱਲੋਂ ਅਦਾਲਤ ਵਿੱਚ ਕੋਈ ਜਵਾਬ ਦਾਇਰ ਨਹੀਂ ਕੀਤਾ ਗਿਆ। ਮਾਮਲੇ ਦੀ ਅਗਲੀ ਕਾਰਵਾਈ ਅਦਾਲਤੀ ਪ੍ਰਕਿਰਿਆ ਤਹਿਤ ਹੋਵੇਗੀ।

ਇਸ ਲੇਖ ਨੂੰ ਸਾਂਝਾ ਕਰੋ: