ਹਿਮਾਚਲ ਪ੍ਰਦੇਸ਼ ਦੇ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਦੀ ਜਥੇਦਾਰ ਗੜਗੱਜ ਨੇ ਕੀਤੀ ਨਿੰਦਾ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਇਕ ਬੋਰਡਿੰਗ ਸਕੂਲ ਵਿਚ ਇਕ ਸਿੱਖ ਬੱਚੇ ਨਾਲ ਕੀਤੀ ਗਈ ਰੈਗਿੰਗ ਦੀ ਘਟਨਾ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਕਿ ਇਕ ਸਿੱਖ ਬੱਚੇ ਨਾਲ ਸਕੂਲ ਦੇ ਹੀ ਦੂਜੇ ਬੱਚਿਆਂ ਨੇ ਇਹੋ ਜਿਹੇ ਹਰਕਤ ਕੀਤੀ, ਜਿਸ ਨੂੰ ਰੋਕਣ ਦੀ ਪੂਰੀ ਜ਼ਿੰਮੇਵਾਰੀ ਸਕੂਲ ਪ੍ਰਸ਼ਾਸਨ ਦੀ ਹੈ।

ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਨਾਲ ਇਹੋ ਜਿਹੀ ਹਰਕਤ ਨਹੀਂ ਹੋਣੀ ਚਾਹੀਦੀ। ਗੜਗੱਜ ਨੇ ਕਿਹਾ ਕਿ ਉਨ੍ਹਾਂ ਨੇ ਪੀੜਤ ਸਿੱਖ ਬੱਚੇ ਦੇ ਪ੍ਰਵਾਰ ਅਤੇ ਬੱਚੇ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰਹਿਣ ਦਾ ਸੰਦੇਸ਼ ਦਿੰਦਿਆਂ ਭਰੋਸਾ ਦਿਤਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਵਾਰ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਇਕ ਵੀਡੀਉ ਸੋਸ਼ਲ ਮੀਡੀਆ ਉਤੇ ਸਾਹਮਣੇ ਆਈ ਹੈ, ਇਸ ਲਈ ਸਮੂਹ ਮੀਡੀਆ ਅਤੇ ਵੈੱਬ ਚੈਨਲਾਂ ਨੂੰ ਪ੍ਰਵਾਰ ਦੀ ਭਾਵਨਾ ਅਨੁਸਾਰ ਇਹ ਆਖਿਆ ਕਿ ਵਾਇਰਲ ਵੀਡੀਉ ਨੂੰ ਅਪਣੇ ਚੈਨਲਾਂ ਉਤੇ ਪ੍ਰਕਾਸ਼ਤ ਨਾ ਕੀਤਾ ਜਾਵੇ ਅਤੇ ਨਾ ਹੀ ਬੱਚੇ ਦੀ ਪਛਾਣ ਜਨਤਕ ਕੀਤੀ ਜਾਵੇ ਕਿਉਂਕਿ ਇਹ ਉਸ ਦੇ ਭਵਿੱਖ ਨਾਲ ਜੁੜਿਆ ਮਾਮਲਾ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਕਿ ਪੀੜਤ ਬੱਚਿਆਂ ਦੇ ਪ੍ਰਵਾਰਕ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਪੁਲਿਸ ਨੇ ਇਸ ਮਾਮਲੇ ਵਿਚ ਰੈਗਿੰਗ ਕਰਨ ਵਾਲੇ ਦੋਸ਼ੀਆਂ ਵਿਰੁਧ ਸਖ਼ਤ ਧਾਰਾਵਾਂ ਤਹਿਤ ਪਰਚਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ ਪਰੰਤੂ ਇਸ ਘਟਨਾ ਵਿਚ ਸਕੂਲ ਪ੍ਰਸ਼ਾਸਨ ਤੇ ਪ੍ਰਿੰਸੀਪਲ ਦੀ ਭੂਮਿਕਾ ਗ਼ੈਰ-ਸੰਜੀਦਾ ਤੇ ਠੀਕ ਨਹੀਂ ਰਹੀ ਹੈ।

ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਵਲੋਂ ਸਕੂਲ ਪ੍ਰਿੰਸੀਪਲ ਵਿਰੁਧ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ, ਇਸ ਲਈ ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਨਾਲ ਗੱਲ ਕਰ ਕੇ ਅਜਿਹੇ ਪ੍ਰਿੰਸੀਪਲ ਨੂੰ ਤੁਰਤ ਬਦਲਣ ਲਈ ਆਖਿਆ ਹੈ ਜੋ ਬੱਚਿਆਂ ਵਿਚ ਅਨੁਸ਼ਾਸਨ ਕਾਇਮ ਨਹੀਂ ਰੱਖ ਸਕਦਾ। ਉਨ੍ਹਾਂ ਕਿਹਾ ਕਿ ਸਕੂਲ ਪ੍ਰਸ਼ਾਸਨ ਨੇ ਭਰੋਸਾ ਦਿਤਾ ਹੈ ਕਿ ਉਹ ਇਕ ਹਫ਼ਦੇ ਵਿਚ ਪ੍ਰਿੰਸੀਪਲ ਬਦਲ ਦੇਣਗੇ।

ਇਸ ਲੇਖ ਨੂੰ ਸਾਂਝਾ ਕਰੋ: