ਲੈਂਗਲੀ ਸਕੂਲ ਡਿਸਟ੍ਰਿਕਟ ਨੇ ਲਗਾਈ ਸਕੂਲਾਂ ਵਿੱਚ ਈ-ਸਕੂਟਰ ਅਤੇ ਈ-ਬਾਈਕ ਲਿਜਾਣ ’ਤੇ ਪਾਬੰਦੀ
ਲੈਂਗਲੀ ਸਕੂਲ ਡਿਸਟ੍ਰਿਕਟ ਨੇ ਸਕੂਲਾਂ ਵਿੱਚ ਈ-ਸਕੂਟਰ ਅਤੇ ਈ-ਬਾਈਕ ਦੀ ਵਰਤੋਂ ਅਤੇ ਸਟੋਰੇਜ ਸਬੰਧੀ ਨਵੇਂ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਹ ਨਿਯਮ ਸਤੰਬਰ ਤੋਂ ਲਾਗੂ ਹੋਣਗੇ ਅਤੇ ਐਲੀਮੈਂਟਰੀ, ਮਿਡਲ ਅਤੇ ਸੈਕੰਡਰੀ ਸਕੂਲਾਂ ਸਮੇਤ ਸਾਰੇ ਸਕੂਲਾਂ ਵਿੱਚ ਈ-ਸਕੂਟਰ ਅਤੇ ਈ-ਬਾਈਕ ਲਿਜਾਣ ’ਤੇ ਪਾਬੰਦੀ ਹੋਵੇਗੀ।
ਸਕੂਲ ਡਿਸਟ੍ਰਿਕਟ ਮੁਤਾਬਕ ਇਹ ਫੈਸਲਾ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਲੋਅਰ ਮੇਨਲੈਂਡ ਵਿੱਚ ਈ-ਸਕੂਟਰ ਅਤੇ ਈ-ਬਾਈਕ ਨਾਲ ਜੁੜੇ ਹਾਦਸਿਆਂ ਵਿੱਚ ਵਾਧਾ ਹੋਇਆ ਹੈ ਅਤੇ ਕੁਝ ਮਾਮਲਿਆਂ ਵਿੱਚ ਗੰਭੀਰ ਸੱਟਾਂ ਵੀ ਲੱਗੀਆਂ ਹਨ।
ਹਾਲਾਂਕਿ, ਈ-ਪੈਡਲ ਬਾਈਕਸ ਨੂੰ ਸੈਕੰਡਰੀ ਸਕੂਲਾਂ ਵਿੱਚ ਵਰਤਣ ਦੀ ਇਜਾਜ਼ਤ ਜਾਰੀ ਰਹੇਗੀ। 14 ਅਤੇ 15 ਸਾਲ ਦੇ ਵਿਦਿਆਰਥੀ ਲਾਈਟ ਈ-ਬਾਈਕ ਵਰਤ ਸਕਣਗੇ, ਜਦਕਿ 16 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਸਟੈਂਡਰਡ ਈ-ਬਾਈਕ ਦੀ ਇਜਾਜ਼ਤ ਹੋਵੇਗੀ। ਬਾਲਗ ਸਾਰੇ ਸਕੂਲਾਂ ਵਿੱਚ ਈ-ਪੈਡਲ ਬਾਈਕ ਵਰਤ ਸਕਣਗੇ।
ਸਕੂਲ ਡਿਸਟ੍ਰਿਕਟ ਵੱਲੋਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਨਵੇਂ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।