ਕੈਨੇਡਾ ਵੱਲੋਂ ਨਵੇਂ ਅਮਰੀਕੀ ਟੈਰਿਫਾਂ ਦੇ ਜਵਾਬ ਵਿੱਚ ਅਮਰੀਕੀ ਵਸਤਾਂ ’ਤੇ ਟੈਰਿਫ ਲਾਗੂ
ਕੈਨੇਡਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਸਮਾਨ ’ਤੇ ਲਗਾਏ ਨਵੇਂ ਟੈਰਿਫਾਂ ਦੇ ਜਵਾਬ ਵਿੱਚ ਮੰਗਲਵਾਰ ਤੋਂ ਲਗਭਗ 20 ਬਿਲੀਅਨ ਡਾਲਰ ਮੁੱਲ ਦੀਆਂ ਅਮਰੀਕੀ ਵਸਤਾਂ ’ਤੇ ਟੈਰਿਫ ਲਾਗੂ ਕਰ ਦਿੱਤੇ ਹਨ। ਇਨ੍ਹਾਂ ਟੈਰਿਫਾਂ ਵਿੱਚ ਸਟੀਲ, ਐਲੂਮੀਨੀਅਮ, ਚੀਜ਼, ਘਰੇਲੂ ਉਪਕਰਨ, ਕੱਪੜੇ, ਕਾਸਮੈਟਿਕਸ ਅਤੇ ਖੇਤੀਬਾੜੀ ਦੇ ਸਾਮਾਨ ਸਮੇਤ ਸੈਂਕੜੇ ਉਤਪਾਦ ਸ਼ਾਮਲ ਹਨ। ਵਸਤੂ ਦੇ ਹਿਸਾਬ ਨਾਲ ਟੈਰਿਫ ਦੀ ਦਰ 15, 25 ਜਾਂ 50 ਫੀਸਦੀ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਅਮਰੀਕਾ ਵੱਲੋਂ ਲਗਾਏ ਗਏ ਟੈਰਿਫਾਂ ਦਾ ਡਾਲਰ-ਫੋਰ-ਡਾਲਰ ਜਵਾਬ ਹੈ। ਹਾਲਾਂਕਿ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਦਾ ਅਮਰੀਕੀ ਅਰਥਚਾਰੇ ’ਤੇ ਵੱਡਾ ਅਸਰ ਨਹੀਂ ਪਵੇਗਾ, ਪਰ ਕੁਝ ਖਾਸ ਕਾਰੋਬਾਰਾਂ ਨੂੰ ਨੁਕਸਾਨ ਹੋ ਸਕਦਾ ਹੈ।
ਇਸ ਦੌਰਾਨ ਟਰੰਪ ਨੇ ਕੈਨੇਡਾ ’ਤੇ ਹੋਰ ਕਾਰਵਾਈ ਦੀ ਧਮਕੀ ਦਿੱਤੀ ਹੈ। ਉਨ੍ਹਾਂ ਨੇ Bombardier ਦੇ ਜਹਾਜ਼ਾਂ ਦੀ ਅਮਰੀਕਾ ਵਿੱਚ ਵਿਕਰੀ ਰੋਕਣ ਦੀ ਗੱਲ ਵੀ ਕੀਤੀ ਹੈ। ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰਕ ਤਣਾਅ ਦੇ ਬਾਵਜੂਦ, ਕਾਰਨੀ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਆਪਣੀ ਆਰਥਿਕ ਖੁਦਮੁਖਤਿਆਰੀ ਅਤੇ ਘਰੇਲੂ ਉਦਯੋਗਾਂ ਦੀ ਰੱਖਿਆ ਲਈ ਡਟਿਆ ਰਹੇਗਾ।