ਡਾਕ ਚੋਰੀ ਕਰਨ ਵਾਲਾ ਗਰੁੱਪ ਗ੍ਰਿਫਤਾਰ, ਚੋਰੀ ਕੀਤੀਆਂ 1600 ਚੀਜ਼ਾਂ ਬਰਾਮਦ
ਬਰਨਾਬੀ RCMP ਨੇ ਦੱਸਿਆ ਹੈ ਕਿ ਪਿਛਲੇ ਸਾਲ MAILS ਚੋਰੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਇੱਕ ਗਰੁੱਪ ਖ਼ਿਲਾਫ਼ ਹੁਣ ਅਪਰਾਧਿਕ ਦੋਸ਼ ਤਹਿ ਕਰ ਦਿੱਤੇ ਗਏ ਹਨ। ਪੁਲਿਸ ਮੁਤਾਬਕ ਅਕਤੂਬਰ 2024 ਵਿੱਚ ਟੈਲਫੋਰਡ ਐਵਿਨਿਊ ਸਥਿਤ ਇੱਕ ਅਪਾਰਟਮੈਂਟ ਇਮਾਰਤ ਵਿੱਚ ਹੋਈਆਂ ਦੋ ਘੁੱਸਪੈਠਾਂ ਤੋਂ ਬਾਅਦ ਜਾਂਚ ਦੌਰਾਨ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਗਈ। ਦਸੰਬਰ 2024 ਵਿੱਚ ਬਰਨਾਬੀ ਦੇ ਇੱਕ ਘਰ ‘ਤੇ SEARCH ਵਾਰੰਟ ਲਾਗੂ ਕਰਨ ਤੋਂ ਬਾਅਦ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਬਾਅਦ ਵਿੱਚ ਹੋਰ ਦੋ ਵਿਅਕਤੀਆਂ ਦੀ ਵੀ ਗ੍ਰਿਫ਼ਤਾਰੀ ਹੋਈ। ਤਲਾਸ਼ੀ ਦੌਰਾਨ ਲਗਭਗ 1,600 ਚੋਰੀ ਕੀਤੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ, ਜਿਸ ਵਿੱਚ 346 ਪਹਿਚਾਣ ਪੱਤਰ, 572 ਡਾਕ ਪੱਤਰ, 496 ਬੈਂਕ ਕਾਰਡ ਅਤੇ 155 ਚੈਕ ਸ਼ਾਮਲ ਹਨ। ਪੁਲਿਸ ਨੂੰ ਨਕਲੀ ਪਹਿਚਾਣ ਬਣਾਉਣ ਲਈ ਵਰਤੀ ਜਾਣ ਵਾਲੀ ਮਸ਼ੀਨ ਅਤੇ ਹੋਰ ਸਾਜ਼ੋ-ਸਾਮਾਨ ਵੀ ਮਿਲਿਆ। 26 ਨਵੰਬਰ 2025 ਨੂੰ ਬੀ.ਸੀ. ਪ੍ਰੋਸਿਕਿਊਸ਼ਨ ਸਰਵਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ 25 ਦੋਸ਼ ਮਨਜ਼ੂਰ ਕੀਤੇ, ਜਿਨ੍ਹਾਂ ਵਿੱਚ ਘੁੱਸਪੈਠ, ਡਾਕ ਚੋਰੀ, ਅਪਰਾਧ ਨਾਲ ਹਾਸਲ ਕੀਤੀ ਸੰਪਤੀ ਦੀ ਹਿਫ਼ਾਜ਼ਤ ਅਤੇ ਜਾਲਸਾਜ਼ੀ ਵਰਗੇ ਦੋਸ਼ ਸ਼ਾਮਲ ਹਨ। ਬਰਨਾਬੀ RCMP ਦੇ ਸਾਰਜੰਟ ਜੇਮੀ ਬੈਲਵਿਲ ਨੇ ਕਿਹਾ ਕਿ ਇਸ ਕਿਸਮ ਦੀਆਂ ਜਾਂਚਾਂ ਬਹੁਤ ਬਰੀਕੀ ਅਤੇ ਮਿਹਨਤ ਮੰਗਦੀਆਂ ਹਨ ਅਤੇ ਸਾਰੇ ਸ਼ੱਕੀ ਹੁਣ ਅਦਾਲਤ ਵਿੱਚ ਪੇਸ਼ੀ ਦੀ ਉਡੀਕ ਕਰ ਰਹੇ ਹਨ।