ਅਗਲੇ 25 ਸਾਲਾਂ ਵਿੱਚ ਦੁਨੀਆ ਭਰ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਣ ਦੀ ਸੰਭਾਵਨਾ

world health organization WHO, ਦੀ ਇੱਕ ਨਵੀਂ ਰਿਪੋਰਟ ਮੁਤਾਬਕ ਅਗਲੇ 25 ਸਾਲਾਂ ਵਿੱਚ ਦੁਨੀਆ ਭਰ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਣ ਦੀ ਸੰਭਾਵਨਾ ਹੈ। ਰਿਪੋਰਟ ਅਨੁਸਾਰ ਹਰ ਸਾਲ ਕੈਂਸਰ ਦੇ ਨਵੇਂ ਮਾਮਲੇ ਮੌਜੂਦਾ ਕਰੀਬ 2 ਕਰੋੜ ਤੋਂ ਵੱਧ ਕੇ 2050 ਤੱਕ ਲਗਭਗ ਸਾਢੇ 3 ਕਰੋੜ ਹੋ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਬੁੱਢੀ ਹੋ ਰਹੀ ਆਬਾਦੀ, ਮੋਟਾਪਾ ਅਤੇ ਹੋਰ ਖਤਰੇ ਦੇ ਕਾਰਕ ਸਿਹਤ ਪ੍ਰਣਾਲੀ 'ਤੇ ਭਾਰੀ ਦਬਾਅ ਪਾਉਣਗੇ। ਟੋਰਾਂਟੋ ਦੇ ਨਾਰਥ ਯਾਰਕ ਜਨਰਲ ਹਸਪਤਾਲ ਦੇ ਸਰਜੀਕਲ ਓਨਕੋਲੋਜਿਸਟ ਡਾ. ਪੀਟਰ ਸਟੋਟਲੈਂਡ ਨੇ ਕਿਹਾ ਕਿ ਕੈਨੇਡਾ ਵਿੱਚ ਪਹਿਲਾਂ ਹੀ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਜ਼ੁਰਗਾਂ ਦੇ ਨਾਲ-ਨਾਲ ਹੁਣ ਨੌਜਵਾਨਾਂ ਵਿੱਚ ਵੀ ਕੋਲੋਰੈਕਟਲ ਕੈਂਸਰ ਦੇ ਮਾਮਲੇ ਵਧ ਰਹੇ ਹਨ। WHO ਦਾ ਅੰਦਾਜ਼ਾ ਹੈ ਕਿ ਲਗਭਗ 40 ਫੀਸਦੀ ਕੈਂਸਰ ਦੇ ਮਾਮਲੇ ਤੰਬਾਕੂ ਦੀ ਵਰਤੋਂ, ਮੋਟਾਪੇ, ਸਰੀਰਕ ਗਤੀਵਿਧੀ ਦੀ ਘਾਟ, ਸ਼ਰਾਬ ਅਤੇ ਕੁਝ ਇਨਫੈਕਸ਼ਨਾਂ ਵਰਗੇ ਕਾਰਨਾਂ ਕਰਕੇ ਰੋਕੇ ਜਾ ਸਕਦੇ ਹਨ। ਮਾਹਿਰਾਂ ਨੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਛਾਤੀ, ਸਰਵਾਈਕਲ ਅਤੇ ਕੋਲੋਰੈਕਟਲ ਕੈਂਸਰ ਦੀ ਸਮੇਂ-ਸਿਰ ਸਕ੍ਰੀਨਿੰਗ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਵੀ ਵਧਦੇ ਕੈਂਸਰ ਮਾਮਲਿਆਂ ਨਾਲ ਨਜਿੱਠਣ ਲਈ ਹੁਣੇ ਤੋਂ ਤਿਆਰੀ ਸ਼ੁਰੂ ਕਰਨੀ ਚਾਹੀਦੀ ਹੈ।

ਇਸ ਲੇਖ ਨੂੰ ਸਾਂਝਾ ਕਰੋ: