ਪੰਜਾਬ ਸਰਕਾਰ 2,800 ਨਵੇਂ ਰਾਸ਼ਨ ਡਿੱਪੂ ਧਾਰਕਾਂ ਨੂੰ ਜਾਰੀ ਕਰੇਗੀ ਲਾਇਸੈਂਸ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਰਾਸ਼ਨ ਮੁਹੱਈਆ ਕਰਵਾਉਣ ਲਈ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧ ‘ਚ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੋਹਾਲੀ ‘ਚ 2,800 ਨਵੇਂ ਰਾਸ਼ਨ ਡਿੱਪੂ ਧਾਰਕਾਂ ਨੂੰ ਲਾਇਸੈਂਸ ਜਾਰੀ ਕਰਨਗੇ। ਇਹ ਵੰਡ ਸਰਕਾਰ ਦੀ “ਨਵੀਂ ਰਾਸ਼ਨ ਡਿੱਪੂ ਅਲਾਟਮੈਂਟ ਨੀਤੀ” ਦੇ ਤਹਿਤ ਕੀਤੀ ਜਾ ਰਹੀ ਹੈ।
ਨਵੇਂ ਰਾਸ਼ਨ ਡਿੱਪੂਆਂ ਦੇ ਖੁੱਲ੍ਹਣ ਨਾਲ, ਸੂਬੇ ਦੇ ਲਗਭੱਗ 5.5 ਲੱਖ ਰਾਸ਼ਨ ਕਾਰਡ ਧਾਰਕ ਆਪਣੇ ਘਰਾਂ ਦੇ ਨੇੜੇ ਰਾਸ਼ਨ ਪ੍ਰਾਪਤ ਕਰ ਸਕਣਗੇ। ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹਰ ਪਿੰਡ ਅਤੇ ਸ਼ਹਿਰੀ ਖੇਤਰ ‘ਚ ਡਿੱਪੂ ਸਥਾਪਤ ਕਰਨਾ ਹੈ ਤਾਂ ਜੋ ਲੋਕਾਂ ਨੂੰ ਰਾਸ਼ਨ ਪ੍ਰਾਪਤ ਕਰਨ ਲਈ ਦੂਰ ਯਾਤਰਾ ਨਾ ਕਰਨੀ ਪਵੇ ਅਤੇ ਕਿਸੇ ਵੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
ਨਵੀਂ ਨੀਤੀ ਦੇ ਤਹਿਤ ਅਲਾਟ ਕੀਤੇ ਜਾ ਰਹੇ 2,800 ਰਾਸ਼ਨ ਡਿੱਪੂ ਸਮਾਜ ਦੇ ਹਰ ਵਰਗ ਦੀ ਨੁਮਾਇੰਦਗੀ ਕਰਦੇ ਹਨ। ਪੰਜਾਬ ਸਰਕਾਰ ਸੂਬੇ ‘ਚ 14,000 ਰਾਸ਼ਨ ਡਿੱਪੂਆਂ ਰਾਹੀਂ “ਸਮਾਰਟ ਰਾਸ਼ਨ ਕਾਰਡ ਯੋਜਨਾ” ਅਧੀਨ ਰਜਿਸਟਰਡ 40 ਲੱਖ ਪਰਿਵਾਰਾਂ ਨੂੰ ਮੁਫ਼ਤ ਕਣਕ ਅਤੇ “ਮੇਰੀ ਰਸੋਈ” ਰਾਸ਼ਨ ਕਿੱਟਾਂ ਪ੍ਰਦਾਨ ਕਰ ਰਹੀ ਹੈ।