ਅਲਬਰਟਾ ਤੋਂ ਓਨਟਾਰੀਓ ਤੱਕ ਨਵੀਂ 3,300 ਕਿਲੋਮੀਟਰ ਤੇਲ ਪਾਈਪਲਾਈਨ ਦਾ ਪ੍ਰਸਤਾਵ

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਅਲਬਰਟਾ ਤੋਂ ਓਨਟਾਰੀਓ ਤੱਕ ਨਵੀਂ ਨਾਰਦਰਨ ਸ਼ੀਲਡ ਐਨਰਜੀ ਕੋਰੀਡੋਰ ਕੱਚੇ ਤੇਲ ਦੀ ਪਾਈਪਲਾਈਨ ਦਾ ਪ੍ਰਸਤਾਵਿਤ ਰੂਟ ਜਾਰੀ ਕੀਤਾ ਹੈ। ਇਹ ਕਰੀਬ 3,300 ਕਿਲੋਮੀਟਰ ਲੰਬੀ ਪਾਈਪਲਾਈਨ ਅਲਬਰਟਾ ਦੇ ਹਾਰਡਿਸਟੀ ਤੋਂ ਓਨਟਾਰੀਓ ਦੇ ਸਾਰਨੀਆ ਤੱਕ ਜਾਵੇਗੀ, ਜਿੱਥੇ ਇਹ ਸੂਬੇ ਦੇ ਰਿਫਾਈਨਰੀ ਨੈੱਟਵਰਕ ਨਾਲ ਜੁੜੇਗੀ। ਇਸ ਰਾਹੀਂ ਹਰ ਰੋਜ਼ ਲਗਭਗ 5 ਲੱਖ ਬੈਰਲ ਕੱਚਾ ਤੇਲ ਦੇਸ਼ ਅੰਦਰ ਵਰਤੋਂ ਅਤੇ ਨਿਰਯਾਤ ਲਈ ਭੇਜਿਆ ਜਾਵੇਗਾ, ਜਿਸ ਨੂੰ ਭਵਿੱਖ ਵਿੱਚ 8 ਲੱਖ ਬੈਰਲ ਪ੍ਰਤੀ ਦਿਨ ਤੱਕ ਵਧਾਇਆ ਜਾ ਸਕਦਾ ਹੈ। ਸਰਕਾਰਾਂ ਦਾ ਕਹਿਣਾ ਹੈ ਕਿ ਪਾਈਪਲਾਈਨ ਪੂਰੀ ਤਰ੍ਹਾਂ ਕੈਨੇਡਾ ਦੇ ਅੰਦਰ ਰਹੇਗੀ ਅਤੇ ਇਸ ਦਾ ਨਿਰਮਾਣ ਕੈਨੇਡੀਅਨ ਸਟੀਲ ਨਾਲ ਕੀਤਾ ਜਾਵੇਗਾ। ਓਨਟਾਰੀਓ ਸਰਕਾਰ ਮੈਨੀਟੋਬਾ ਰਾਹੀਂ Churchill PORT ਤੱਕ ਇਸ ਦੇ ਸੰਭਾਵੀ ਵਿਸਥਾਰ ਦੀ ਵੀ ਜਾਂਚ ਕਰ ਰਹੀ ਹੈ। ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਇਹ ਪ੍ਰਾਜੈਕਟ ਕੈਨੇਡੀਅਨ ਊਰਜਾ ਨੂੰ ਦੇਸ਼ ਦੇ ਰਿਫਾਈਨਰੀ ਬਾਜ਼ਾਰਾਂ ਨਾਲ ਜੋੜ ਕੇ ਰੁਜ਼ਗਾਰ ਪੈਦਾ ਕਰੇਗਾ ਅਤੇ ਨਵੀਆਂ ਮਾਰਕੀਟਾਂ ਖੋਲ੍ਹੇਗਾ। ਡੱਗ ਫੋਰਡ ਨੇ ਕਿਹਾ ਕਿ ਇਹ ਯੋਜਨਾ ਕੈਨੇਡੀਅਨ ਅਰਥਵਿਵਸਥਾ ਨੂੰ ਹੋਰ ਮਜ਼ਬੂਤ, ਸੁਰੱਖਿਅਤ ਅਤੇ ਖੁਦਨਿਰਭਰ ਬਣਾਉਣ ਲਈ ਮਹੱਤਵਪੂਰਨ ਕਦਮ ਹੈ। ਇਸ ਪ੍ਰਾਜੈਕਟ ਦੀ ਸੰਭਾਵਨਾ ਦਾ ਅਧਿਐਨ 2026 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ ਅਤੇ ਸਰਕਾਰ ਨੇ ਆਦਿਵਾਸੀ ਭਾਈਚਾਰਿਆਂ ਨਾਲ ਸਲਾਹ-ਮਸ਼ਵਰਾ ਵੀ ਸ਼ੁਰੂ ਕਰ ਦਿੱਤਾ ਹੈ।

ਇਸ ਲੇਖ ਨੂੰ ਸਾਂਝਾ ਕਰੋ: