ਭਾਰਤ ਵਿਰੁਧ ਜੰਗ ਦੀ ਸਾਜ਼ਿਸ਼ ’ਚ ਜੁਟਿਆ ਪਾਕਿਸਤਾਨ, ਐਲ.ਓ.ਸੀ. ’ਤੇ ਪਾਕਿਸਤਾਨ ਨੇ 35 ਡਰੋਨ ਯੂਨਿਟ ਕੀਤੇ ਤਾਇਨਾਤ

ਸਿੰਧੂ ਜਲ ਸੰਧੀ ਦੇ ਵਿਵਾਦ ਅਤੇ ਭਾਰਤ ਦੇ ਆਪਰੇਸ਼ਨ ਸੰਧੂਰ ਵਰਗੇ ਸਖ਼ਤ ਰੁਖ਼ ਤੋਂ ਬਾਅਦ ਪਾਕਿਸਤਾਨੀ ਫ਼ੌਜ ਬੁਰੀ ਤਰ੍ਹਾਂ ਬੌਖਲਾ ਗਈ ਹੈ। ਭਾਰਤ ਦੇ ਸੰਭਾਵੀ ਡਰੋਨ ਜਾਂ ਹਵਾਈ ਹਮਲਿਆਂ ਦੇ ਡਰੋਂ ਪਾਕਿਸਤਾਨ ਨੇ ਅਸਲ ਕੰਟਰੋਲ ਰੇਖਾ (ਐਲ.ਓ.ਸੀ.) ’ਤੇ ਅਪਣੀਆਂ 8 ਬਿ੍ਰਗੇਡਾਂ ਦੇ ਅਧੀਨ 35 ਐਂਟੀ-ਡਰੋਨ ਯੂਨਿਟ ਤਾਇਨਾਤ ਕਰ ਦਿਤੇ ਹਨ। ਪਾਕਿਸਤਾਨ ਨੇ ਸਰਹੱਦ ’ਤੇ ਹਾਈ-ਟੈਕ ‘ਏ.ਆਈ. ਫੈਂਸਿੰਗ’ ਅਤੇ ਇਲੈਕਟ੍ਰਾਨਿਕ ਵਾਰਫੇਅਰ ਗਰਿੱਡ ਵੀ ਤਿਆਰ ਕੀਤਾ ਹੈ ਤਾਂ ਜੋ ਭਾਰਤੀ ਨਿਗਰਾਨੀ ਨੂੰ ਰੋਕਿਆ ਜਾ ਸਕੇ। ਪਾਕਿਸਤਾਨ ਨੇ ਅਪਣੇ ਕਬਜ਼ੇ ਵਾਲੇ ਕਸ਼ਮੀਰ ਦੇ ਰਾਵਲਕੋਟ, ਕੋਟਲੀ ਅਤੇ ਭਿੰਬਰ ਸੈਕਟਰਾਂ ’ਚ 35 ਵਿਸ਼ੇਸ਼ ਐਂਟੀ-ਡਰੋਨ ਪ੍ਰਣਾਲੀਆਂ ਲਗਾਈਆਂ ਹਨ। ਇਹ ਉਹੀ ਇਲਾਕੇ ਹਨ ਜਿੱਥੋਂ ਪਾਕਿਸਤਾਨ ਭਾਰਤ ਵਿਚ ਅਤਿਵਾਦੀਆਂ ਦੀ ਘੁਸਪੈਠ ਕਰਵਾਉਂਦਾ ਹੈ। ਪਾਕਿਸਤਾਨ ਨੇ ਅਫ਼ਗਾਨਿਸਤਾਨ ਸਰਹੱਦ ਤੋਂ 5 ਫ਼ੌਜੀ ਬਟਾਲੀਅਨਾਂ ਨੂੰ ਹਟਾ ਕੇ ਐਲ.ਓ.ਸੀ. ’ਤੇ ਤਾਇਨਾਤ ਕਰ ਦਿਤਾ ਹੈ, ਜੋ ਉਸ ਦੇ ਜੰਗ ਵਾਲੇ ਮਨਸੂਬਿਆਂ ਨੂੰ ਦਰਸਾਉਂਦਾ ਹੈ। ਤਾਇਨਾਤ ਕੀਤੇ ਗਏ ਸਿਸਟਮਾਂ ਵਿਚ ‘ਸਪਾਈਡਰ ਕਾਊਂਟਰ-ਯੂ.ਏ.ਐਸ.’ ਅਤੇ ਮੋਢੇ ’ਤੇ ਰੱਖ ਕੇ ਚਲਾਈ ਜਾਣ ਵਾਲੀ ‘ਸੁਫ਼ਰਾ ਡਰੋਨ ਜੈਮਿੰਗ ਗੰਨਜ਼’ ਸ਼ਾਮਲ ਹਨ। 

ਦਰਅਸਲ ਪਾਕਿਸਤਾਨ ਦੀ ਇਸ ਸਾਜ਼ਸ਼ ਪਿੱਛੇ ਚੀਨ ਅਤੇ ਤੁਰਕੀ ਦਾ ਹੱਥ ਹੈ। ਚੀਨ ਨੇ ਪਾਕਿਸਤਾਨ ਨੂੰ 36 ਮਲਟੀ-ਰੋਲ ਜੇ-ਸੀਰੀਜ਼ ਫਾਈਟਰ ਜੈੱਟ ਦਿਤੇ ਹਨ ਅਤੇ ਸਾਲ ਦੇ ਅੰਤ ਤਕ 5ਵੀਂ ਪੀੜ੍ਹੀ ਦਾ ਸਟੀਲਥ ਜੈੱਟ ਜੇ-35 ਵੀ ਦੇਣ ਜਾ ਰਿਹਾ ਹੈ। ਇਸ ਦੇ ਨਾਲ ਹੀ ਤੁਰਕੀ ਨੇ ਕਰਾਚੀ ਨੇੜੇ ਇਕ ਸਾਂਝਾ ਲੜਾਕੂ ਡਰੋਨ ਅਸੈਂਬਲੀ ਪਲਾਂਟ ਲਗਾਇਆ ਹੈ ਜਿੱਥੇ ਸਾਲਾਨਾ 700 ਡਰੋਨ ਬਣਨਗੇ। ਸਿੰਧੂ ਜਲ ਸੰਧੀ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਇਕ ਵਾਰ ਫਿਰ ਬਹੁਤ ਗੰਭੀਰ ਮੋੜ ’ਤੇ ਪਹੁੰਚ ਗਿਆ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਧਮਕੀ ਦਿਤੀ ਹੈ ਕਿ ਜੇਕਰ ਪਾਕਿਸਤਾਨ ਦੀ ਜਲ ਸੁਰੱਖਿਆ ਨੂੰ ਖ਼ਤਰਾ ਪੈਦਾ ਹੁੰਦਾ ਹੈ ਤਾਂ ਉਹ ਭਾਰਤ ਵਿਰੁਧ ਜੰਗ ਛੇੜਨ ਲਈ ਤਿਆਰ ਹਨ। ਇਸ ਦੇ ਨਾਲ ਹੀ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਪਹਿਲਾਂ ਵੀ ਭਾਰਤ ਵਿਰੁਧ ਮਿਜ਼ਾਈਲ ਹਮਲਿਆਂ ਅਤੇ ਡੈਮਾਂ ਨੂੰ ਤਬਾਹ ਕਰਨ ਵਰਗੀਆਂ ਗਿੱਦੜ-ਭਬਕੀਆਂ ਦੇ ਚੁਕੇ ਹਨ। ਭਾਰਤ ਸਰਕਾਰ ਨੇ ਇਸ ’ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਅਪਣੀਆਂ ਅੰਦਰੂਨੀ ਨਾਕਾਮੀਆਂ ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਤੋਂ ਧਿਆਨ ਭਟਕਾਉਣ ਲਈ ਅਜਿਹੀਆਂ ਬਿਆਨਬਾਜ਼ੀਆਂ ਕਰ ਰਿਹਾ ਹੈ ਤੇ ਜੇ ਪਾਕਿਸਤਾਨ ਨੇ ਹਮਲਾ ਕੀਤਾ ਤਾਂ ਭਾਰਤ ਮੂੰਹਤੋੜ ਜਵਾਬ ਦੇਵੇਗਾ।

ਸੁਰੱਖਿਆ ਮਾਹਰਾਂ ਦਾ ਆਖਣਾ ਹੈ ਕਿ ਆਰਥਕ ਪੱਖੋਂ ਕੰਗਾਲ ਪਾਕਿਸਤਾਨ ਇਸ ਵੇਲੇ ਭਾਰਤ ਨਾਲ ਕਿਸੇ ਵੀ ਤਰ੍ਹਾਂ ਦੀ ਜੰਗ ਛੇੜਨ ਦੇ ਸਮਰੱਥ ਨਹੀਂ ਹੈ ਪਰ ਫਿਰ ਵੀ ਜੇ ਪਾਕਿਸਤਾਨ ਗ਼ਲਤੀ ਕਰਦਾ ਹੈ ਤਾਂ ਇਸ ਵਾਰ ਪਾਕਿਸਤਾਨ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪਏਗਾ। ਪਾਕਿਸਤਾਨ ਨਾਲ ਕਿਸੇ ਵੀ ਸੰਭਾਵਤ ਜੰਗ ਜਾਂ ਰਣਨੀਤਕ ਟਕਰਾਅ ਨੂੰ ਲੈ ਕੇ ਭਾਰਤ ਦੀਆਂ ਹਥਿਆਰਬੰਦ ਫ਼ੌਜਾਂ ਪੂਰੀ ਤਰ੍ਹਾਂ ਉੱਚ ਚੌਕਸੀ ’ਤੇ ਅਤੇ ਤਿਆਰ ਹਨ। ਹਾਲ ਹੀ ਦੇ ਸਾਲਾਂ ਵਿਚ ਭਾਰਤ ਨੇ ਅਪਣੀ ਰੱਖਿਆ ਨੀਤੀ ਨੂੰ ‘ਸਿਰਫ਼ ਬਚਾਅ’ ਤੋਂ ਬਦਲ ਕੇ ਕਰਾਰਾ ਜਵਾਬ ਦੇਣ ਵਾਲੀ ਰਣਨੀਤੀ ਵਿਚ ਬਦਲਿਆ ਹੈ। ‘ਗਲੋਬਲ ਫਾਇਰਪਾਵਰ ਇੰਡੈਕਸ 2026’ ਮੁਤਾਬਕ ਭਾਰਤੀ ਕੋਲ ਦੁਨੀਆਂ ਦੀ ਚੌਥੀ ਸੱਭ ਤੋਂ ਤਾਕਤਵਰ ਫ਼ੌਜ ਹੈ, ਜੋ ਕਿ 14ਵੇਂ ਸਥਾਨ ਉੱਤੇ ਸਥਿਤ ਪਾਕਿਸਤਾਨ ਨਾਲੋਂ ਹਰ ਪੱਖੋਂ ਕਾਫੀ ਅੱਗੇ ਹੈ। ਸਾਲ 2025 ਦੇ ਟਕਰਾਅ ਤੋਂ ਬਾਅਦ, ਭਾਰਤੀ ਫ਼ੌਜ ‘ਆਪਰੇਸ਼ਨ ਸੰਧੂਰ 2.0’ ਲਈ ਹਮੇਸ਼ਾ ਅਲਰਟ ’ਤੇ ਹੈ, ਜਿਸ ਤਹਿਤ ਕਿਸੇ ਵੀ ਪਾਕਿਸਤਾਨੀ ਹਰਕਤ ਦਾ ਸਕਿੰਟਾਂ ਵਿਚ ਜਵਾਬ ਦੇਣ ਦੀ ਯੋਜਨਾ ਹੈ। ਭਾਰਤੀ ਫ਼ੌਜ ਨੇ ਸਰਹੱਦ ’ਤੇ ਇੰਟੀਗ੍ਰੇਟਿਡ ਬੈਟਲ ਗਰੁੱਪਾਂ ਨੂੰ ‘ਰੁਦਰਾ ਬਿ੍ਰਗੇਡ’ ਵਿਚ ਤਬਦੀਲ ਕੀਤਾ ਹੈ। ਇਹ ਬਿ੍ਰਗੇਡਾਂ ਇਨਫੈਂਟਰੀ, ਤੋਪਖਾਨੇ, ਟੈਂਕਾਂ ਅਤੇ ਡਰੋਨ ਯੂਨਿਟਾਂ ਨਾਲ ਲੈਸ ਹਨ, ਜੋ ਬਿਨਾਂ ਸਮਾਂ ਗਵਾਏ ਤੁਰਤ ਹਮਲਾ ਕਰਨ ਦੇ ਸਮਰੱਥ ਹਨ।

ਭਾਰਤ ਕੋਲ ਰਾਫ਼ੇਲ, ਸੁਖੋਈ ਅਤੇ ਸਵਦੇਸ਼ੀ ਤੇਜਸ ਵਰਗੇ ਅਤਿ-ਆਧੁਨਿਕ ਲੜਾਕੂ ਜਹਾਜ਼ ਹਨ। ਹਾਲ ਹੀ ਵਿਚ ਹੋਈ ‘ਵਾਯੂ ਸ਼ਕਤੀ 2026’ ਵਰਗੀ ਮਸ਼ਕ ਰਾਹੀਂ ਭਾਰਤ ਨੇ ਸਰਹੱਦ ਨੇੜੇ ਅਪਣੀ ਹਵਾਈ ਤਾਕਤ ਦਾ ਵੱਡਾ ਪ੍ਰਦਰਸ਼ਨ ਕੀਤਾ ਹੈ। ਭਾਰਤ ਕੋਲ ਦੋ ਸਰਗਰਮ ਏਅਰਕ੍ਰਾਫਟ ਕੈਰੀਅਰ ਆਈ.ਐਨ.ਐੱਸ. ਵਿਕਰਮਾਦਿੱਤਿਆ ਤੇ ਆਈ.ਐਨ.ਐੱਸ. ਵਿਕਰਾਂਤ ਅਤੇ ਪ੍ਰਮਾਣੂ ਪਣਡੁੱਬੀਆਂ ਹਨ, ਜਦਕਿ ਪਾਕਿਸਤਾਨ ਕੋਲ ਕੋਈ ਏਅਰਕ੍ਰਾਫਟ ਕੈਰੀਅਰ ਨਹੀਂ ਹੈ। ਜੰਗ ਦੌਰਾਨ ਭਾਰਤ ਪਾਕਿਸਤਾਨ ਦੀ ਕਰਾਚੀ ਬੰਦਰਗਾਹ ਨੂੰ ਪੂਰੀ ਤਰ੍ਹਾਂ ਬਲਾਕ ਕਰਨ ਦੀ ਸਮਰੱਥਾ ਰੱਖਦਾ ਹੈ।

ਇਸ ਲੇਖ ਨੂੰ ਸਾਂਝਾ ਕਰੋ: