ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਬਿਆਨਾਂ ‘ਤੇ 3 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਮਾਨਸਾ ਪੁਲਿਸ ਨੇ ਇੱਕ ਕੰਪਨੀ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਧੋਖਾਧੜੀ ਦੇ ਦੋਸ਼ਾਂ ‘ਤੇ ਕੀਤੀ ਗਈ ਸੀ।

ਪਿਛਲੇ ਹਫ਼ਤੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਮਾਨਸਾ ‘ਚ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ, ਦੋਸ਼ ਲਗਾਇਆ ਕਿ ਕੰਪਨੀ ਉਨ੍ਹਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੰਪਨੀ ਦੇ ਮਾਲਕ ਉਨ੍ਹਾਂ ਦੇ ਪੁੱਤ ਸਿੱਧੂ ਮੂਸੇਵਾਲਾ ਦੀ ਕਮਾਈ ਦਾ ਖਾ ਰਹੇ ਹਨ ਅਤੇ ਉਨ੍ਹਾਂ ਨੂੰ ਕੋਈ ਹਿਸਾਬ ਨਹੀਂ ਦੇ ਰਹੇ ਸਨ। ਉਨ੍ਹਾਂ ਨੇ ₹30 ਕਰੋੜ ਦੀ ਹੇਰਾਫੇਰੀ ਦਾ ਦੋਸ਼ ਲਗਾਇਆ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਵੀ ਪੁਲਿਸ ਬਾਰੇ ਕਈ ਸਵਾਲ ਉਠਾਏ।

ਇਸ ਵਿਰੋਧ ਪ੍ਰਦਰਸ਼ਨ ਤੋਂ ਬਾਅਦ, ਪੁਲਿਸ ਨੇ ਕਾਰਵਾਈ ਕੀਤੀ। ਚਰਨ ਕੌਰ ਦੇ ਬਿਆਨਾਂ ਦੇ ਆਧਾਰ ‘ਤੇ, ਮਾਨਸਾ ਸਦਰ ਪੁਲਿਸ ਸਟੇਸ਼ਨ ਨੇ ਵਨ ਡਿਜੀਟਲ ਕੰਪਨੀ, ਗੁਰਪ੍ਰੀਤ ਸਿੰਘ ਅਤੇ ਸ਼ਬੀਰ ਮੋਮਿਨ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

11 ਫਰਵਰੀ ਨੂੰ ਮਾਨਸਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ, ਸਿੱਧੂ ਦੇ ਪਿਤਾ, ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਗੀਤਾਂ ਦੇ ਮਾਰਕੀਟਿੰਗ ਅਤੇ ਡਿਜੀਟਲ ਅਧਿਕਾਰਾਂ ਨੂੰ ਸੰਭਾਲਣ ਵਾਲੀਆਂ ਕੰਪਨੀਆਂ ਨੇ ਪਿਛਲੇ ਸਾਲ ਤੋਂ ਆਡਿਟ ਰਿਪੋਰਟਾਂ ਜਮ੍ਹਾਂ ਨਹੀਂ ਕਰਵਾ ਰਹੀ ਅਤੇ ਨਾ ਹੀ ਰਾਇਲਟੀ ਦਾ ਭੁਗਤਾਨ ਕੀਤਾ ਹੈ।

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਕਈ ਗੀਤ ਰਿਲੀਜ਼ ਕੀਤੇ ਗਏ ਹਨ, ਜਿਨ੍ਹਾਂ ‘ਚ “ਵਾਰ,” “ਮੇਰਾ ਨਾ,” ਅਤੇ “ਐਸਵਾਈਐਲ” ਵਰਗੇ ਗੀਤ ਸ਼ਾਮਲ ਹਨ, ਜੋ ਗਲੋਬਲ ਚਾਰਟ ‘ਚ ਸਿਖਰ ‘ਤੇ ਸਨ। ਉਨ੍ਹਾਂ ਦੇ ਯੂਟਿਊਬ ਚੈਨਲ ਨੂੰ 600 ਕਰੋੜ ਤੋਂ ਵੱਧ ਵਿਊਜ਼ ਹਨ। ਪਰਿਵਾਰ ਦਾ ਦਾਅਵਾ ਹੈ ਕਿ ਇਹ ਉਨ੍ਹਾਂ ਦੇ ਪੁੱਤਰ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਅਤੇ ਖਾਤੇ ਦੇ ਅਧਿਕਾਰ ਸਿਰਫ਼ ਉਨ੍ਹਾਂ ਦੇ ਮਾਪਿਆਂ ਕੋਲ ਹਨ।

ਸਿੱਧੂ ਦੇ ਮਾਪਿਆਂ ਨੇ ਸਹੀ ਵਿੱਤੀ ਅੰਕੜੇ ਨਹੀਂ ਦੱਸੇ ਹਨ, ਪਰ ਬੰਟੀ ਬੈਂਸ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦੇ ਗੀਤ ਯੂਟਿਊਬ ਅਤੇ ਸਪੌਟੀਫਾਈ ਵਰਗੇ ਪਲੇਟਫਾਰਮਾਂ ਰਾਹੀਂ ਪ੍ਰਤੀ ਮਹੀਨਾ ਲਗਭੱਗ 30 ਕਰੋੜ ਰੁਪਏ ਕਮਾ ਸਕਦੇ ਹਨ।

ਇਸ ਦੌਰਾਨ, ਮੈਨੇਜਰ ਬੰਟੀ ਬੈਂਸ ਨੇ ਇਸ ਮਾਮਲੇ ਸੰਬੰਧੀ ਸੋਸ਼ਲ ਮੀਡੀਆ ‘ਤੇ ਲਿਖਿਆ: “ਮੈਂ ਸ਼ਬੀਰ ਮੋਮਿਨ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਸਿੱਧੂ ਪਰਿਵਾਰ ਨਾਲ ਆਪਣਾ ਇਕਰਾਰਨਾਮਾ ਤੈਅ ਕਰੋ ਅਤੇ ਉਨ੍ਹਾਂ ਨੂੰ ਆਪਣੇ ਪੈਸੇ ਇੱਕੋ ਵਾਰ ‘ਚ ਦੇ ਦਿਓ। ਮੈਂ ਮਾਨਸਾ ਪੁਲਿਸ ਨੂੰ ਵੀ ਬੇਨਤੀ ਕਰਦਾ ਹਾਂ, ਕਿਰਪਾ ਕਰਕੇ, ਜਦੋਂ ਵੀ ਉਨ੍ਹਾਂ ਨੂੰ ਮੇਰੀ ਜ਼ਰੂਰਤ ਹੋਵੇਗੀ ਮੈਂ ਉਪਲਬਧ ਹੋਵਾਂਗਾ। ਇਸ ਮਾਮਲੇ ‘ਚ ਮੈਨੂੰ ਬੇਲੋੜਾ ਬਦਨਾਮ ਕੀਤਾ ਜਾ ਰਿਹਾ ਹੈ।”

ਇਸ ਲੇਖ ਨੂੰ ਸਾਂਝਾ ਕਰੋ: