ਮੈਟਰੋ ਵੈਨਕੂਵਰ ਇਲਾਕੇ ਵਿੱਚ ਕਿਸਾਨਾਂ ਦੀ ਗਿਣਤੀ, ਫਾਰਮ, ਅਤੇ ਖੇਤੀਬਾੜੀ ਦੀ ਜ਼ਮੀਨ ਘਟੀ
Metro Vancouver ਦੀ ਇੱਕ ਨਵੀਂ ਰਿਪੋਰਟ ਮੁਤਾਬਕ ਪਿਛਲੇ 25 ਸਾਲਾਂ ਵਿੱਚ ਮੈਟਰੋ ਵੈਂਕੂਵਰ ਖੇਤਰ ਵਿੱਚ ਕਿਸਾਨਾਂ ਦੀ ਗਿਣਤੀ, ਫਾਰਮਾਂ ਅਤੇ ਖੇਤੀਬਾੜੀ ਦੀ ਜ਼ਮੀਨ ਤਿੰਨਾਂ ਵਿੱਚ ਕਾਫ਼ੀ ਘਟਾਅ ਆਇਆ ਹੈ। ਇਹ ਗੱਲ ਕਈ ਕਿਸਾਨਾਂ ਲਈ ਹੈਰਾਨੀ ਵਾਲੀ ਨਹੀਂ, ਕਿਉਂਕਿ ਖਰਚੇ ਵੱਧ ਰਹੇ ਹਨ ਪਰ ਮੁਨਾਫ਼ਾ ਘਟ ਰਿਹਾ ਹੈ।
B.C. Potato and Vegetable Growers Association ਦੇ ਮੁਖੀ Bill Zylmans ਨੇ ਦੱਸਿਆ ਕਿ ਜਦੋਂ ਉਹ 1970 ਦੇ ਦਹਾਕੇ ਵਿੱਚ ਖੇਤੀ ਵਿੱਚ ਆਏ ਸਨ, ਉਸ ਸਮੇਂ ਖੇਤੀ ਵਿੱਚ ਅੱਗੇ ਵਧਣ ਦੇ ਮੌਕੇ ਜ਼ਿਆਦਾ ਸਨ। ਉਸ ਵੇਲੇ ਉਹ ਰਿਚਮੰਡ ਵਿੱਚ ਲਗਭਗ 600 ਏਕੜ ਜ਼ਮੀਨ ‘ਤੇ ਖੇਤੀ ਕਰਦੇ ਸਨ ਅਤੇ ਚੰਗਾ ਮੁਨਾਫ਼ਾ ਕਮਾ ਲੈਂਦੇ ਸਨ। ਪਰ ਅੱਜ ਦੇ ਸਮੇਂ ਵਿੱਚ ਹਾਲਾਤ ਬਹੁਤ ਮੁਸ਼ਕਲ ਹੋ ਗਏ ਹਨ।
ਰਿਪੋਰਟ ਅਨੁਸਾਰ 1996 ਤੋਂ 2021 ਤੱਕ ਫਾਰਮ ਓਪਰੇਟਰਾਂ ਦੀ ਗਿਣਤੀ 39 ਫੀਸਦੀ ਘਟ ਗਈ ਹੈ। ਇਸਦੇ ਨਾਲ ਹੀ ਕਿਸਾਨਾਂ ਦੀ ਉਮਰ ਵੀ ਵੱਧ ਰਹੀ ਹੈ। ਹੁਣ ਲਗਭਗ 69 ਫੀਸਦੀ ਕਿਸਾਨ 55 ਸਾਲ ਤੋਂ ਉਪਰ ਹਨ, ਜਿਸ ਨਾਲ ਅਗਲੀ ਪੀੜ੍ਹੀ ਦੇ ਕਿਸਾਨਾਂ ਦੀ ਘਾਟ ਸਾਫ਼ ਦਿਖਦੀ ਹੈ।
ਖੇਤੀਬਾੜੀ ਵਾਲੀ ਜ਼ਮੀਨ ਵੀ ਘਟ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ ਕੁੱਲ ਫਾਰਮਲੈਂਡ 13 ਫੀਸਦੀ ਘਟ ਗਿਆ, ਜੋ Stanley Park ਦੇ ਖੇਤਰ ਦੇ ਲਗਭਗ 13 ਗੁਣਾ ਹੈ।
ਮਾਹਿਰਾਂ ਮੁਤਾਬਕ ਇਸ ਦੇ ਮੁੱਖ ਕਾਰਨ — ਜ਼ਮੀਨ ਦੀ ਉੱਚੀ ਕੀਮਤ, ਸ਼ਹਿਰੀ ਵਿਕਾਸ, ਮੌਸਮੀ ਤਬਦੀਲੀਆਂ, ਮਹਿੰਗੇ ਬੀਜ ਤੇ ਖਾਦ, ਅਤੇ ਵਿਦੇਸ਼ੀ ਮਾਰਕੀਟਾਂ ਨਾਲ ਮੁਕਾਬਲੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਰਨ ਲਈ ਹੁਣ ਵੱਡੀ ਨਿਵੇਸ਼ ਰਕਮ ਅਤੇ ਵੱਡਾ ਜੋਖ਼ਮ ਲੱਗਦਾ ਹੈ। ਕਈ ਪਰਿਵਾਰਾਂ ਦੇ ਬੱਚੇ ਵੀ ਖੇਤੀ ਵਿੱਚ ਆਉਣ ਦੀ ਬਜਾਏ ਹੋਰ ਪੇਸ਼ੇ ਚੁਣ ਰਹੇ ਹਨ।
ਕਿਸਾਨਾਂ ਦਾ ਮੰਨਣਾ ਹੈ ਕਿ ਜੇ ਸਰਕਾਰ ਵੱਲੋਂ fuel, ਇਨਸ਼ੋਰੈਂਸ ਅਤੇ ਹੋਰ ਖਰਚਿਆਂ ਵਿੱਚ ਸਹਾਇਤਾ ਨਾ ਮਿਲੀ ਤਾਂ ਭਵਿੱਖ ਵਿੱਚ ਸਥਾਨਕ ਖੁਰਾਕ ਦੀ ਉਤਪਾਦਨ ਹੋਰ ਘਟ ਸਕਦੀ ਹੈ ਅਤੇ ਖੇਤਰ ਨੂੰ ਵਧੇਰੇ ਖੁਰਾਕ ਬਾਹਰਲੇ ਦੇਸ਼ਾਂ ਤੋਂ ਮੰਗਵਾਉਣੀ ਪਵੇਗੀ।