ਮੇਪਲ ਰਿਜ ਦੀ ਔਰਤ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਨੂੰ ਸੂਬਾਈ ਅਦਾਲਤ ਨੇ ਸੁਣਾਈ ਸਜ਼ਾ

ਮੇਪਲ ਰਿਜ ਦੀ ਇੱਕ ਔਰਤ ਦੀ ਮੌਤ ਨਾਲ ਜੁੜੇ ਮਾਮਲੇ ਵਿੱਚ ਮਨੁੱਖੀ ਅਵਸ਼ੇਸ਼ਾਂ ਦੀ ਬੇਅਦਬੀ ਕਰਨ ਦੇ ਦੋਸ਼ ਵਿੱਚ ਦੋਸ਼ੀ ਠਹਿਰਾਏ ਗਏ ਇੱਕ ਵਿਅਕਤੀ ਨੂੰ ਵੀਰਵਾਰ ਨੂੰ ਪੋਰਟ ਕੋਕੁਇਟਲਮ ਸੂਬਾਈ ਅਦਾਲਤ ਵਿੱਚ ਸਜ਼ਾ ਸੁਣਾਈ ਗਈ। ਇਹ ਫੈਸਲਾ ਉਸ ਘਟਨਾ ਤੋਂ ਕਰੀਬ ਛੇ ਮਹੀਨੇ ਬਾਅਦ ਆਇਆ ਹੈ ਜਦੋਂ 43 ਸਾਲਾ ਜੈਸਿਕਾ ਕਨਿੰਗਹਮ ਦੇ ਅਵਸ਼ੇਸ਼ ਮੇਪਲ ਰਿਜ ਵਿੱਚ ਉਸਦੇ ਘਰ ਤੋਂ ਬਰਾਮਦ ਕੀਤੇ ਗਏ ਸਨ। ਅਦਾਲਤ ਨੇ Mylie Andre Barron ਨੂੰ 21 ਮਹੀਨੇ ਦੀ ਸਜ਼ਾ ਸੁਣਾਈ ਹੈ, ਜਿਸ ਵਿੱਚ ਪਹਿਲਾਂ ਕੱਟੇ ਸਮੇਂ ਦੀ ਛੂਟ ਦੇ ਬਾਅਦ ਉਸ ਨੂੰ ਹੋਰ 343 ਦਿਨ ਜੇਲ੍ਹ ਕੱਟਣੇ ਪੈਣਗੇ ਅਤੇ ਇਸ ਤੋਂ ਬਾਅਦ 18 ਮਹੀਨੇ ਦੀ ਪਰੋਬੇਸ਼ਨ ਰਹੇਗੀ। ਅਦਾਲਤ ਵਿੱਚ ਬੈਰਨ ਦੇ ਪਿਛੋਕੜ ਅਤੇ ਪੀੜਤਾ ਨਾਲ ਉਸਦੇ ਰਿਸ਼ਤੇ ਬਾਰੇ ਵੀ ਨਵੇਂ ਵੇਰਵੇ ਸਾਹਮਣੇ ਆਏ। ਦੋਵੇਂ ਕਰੀਬ 18 ਮਹੀਨੇ ਤੋਂ ਨਿੱਜੀ ਰਿਸ਼ਤੇ ਵਿੱਚ ਸਨ ਅਤੇ ਉਸੇ ਘਰ ਵਿੱਚ ਇਕੱਠੇ ਰਹਿੰਦੇ ਸਨ ਜਿੱਥੇ ਬਾਅਦ ਵਿੱਚ ਕਨਿੰਗਹਮ ਦੇ ਅਵਸ਼ੇਸ਼ ਮਿਲੇ। ਕਨਿੰਗਹਮ ਨੂੰ ਪਿਛਲੇ ਸਾਲ ਜੁਲਾਈ ਵਿੱਚ ਲਾਪਤਾ ਦਰਜ ਕੀਤਾ ਗਿਆ ਸੀ, ਹਾਲਾਂਕਿ ਗਵਾਂਢੀਆਂ ਮੁਤਾਬਕ ਉਹ ਜੂਨ ਤੋਂ ਨਹੀਂ ਦੇਖੀ ਗਈ ਸੀ। ਅਗਸਤ ਵਿੱਚ ਪੁਲਿਸ ਨੇ ਘਰ ਦੀ ਤਲਾਸ਼ੀ ਦੌਰਾਨ ਉਸ ਦੀ ਲਾਸ਼ ਡਕਟ ਟੇਪ ਨਾਲ ਬੰਨੀ ਹੋਈ, ਕੂੜੇ ਦੇ ਥੈਲੇ ਵਿੱਚ ਪਾਈ ਹੋਈ ਅਤੇ ਫ੍ਰੀਜ਼ਰ ਵਿੱਚ ਰੱਖੀ ਹੋਈ ਬਰਾਮਦ ਕੀਤੀ। ਜਾਂਚ ਦੌਰਾਨ ਬੈਰਨ ਨੇ ਪਰਿਵਾਰ ਅਤੇ ਪੁਲਿਸ ਦੋਹਾਂ ਨੂੰ ਉਸਦੀ ਗੈਰਹਾਜ਼ਰੀ ਬਾਰੇ ਗਲਤ ਜਾਣਕਾਰੀ ਦਿੱਤੀ। ਅਦਾਲਤ ਨੂੰ ਦੱਸਿਆ ਗਿਆ ਕਿ ਬੈਰਨ ਦਾ ਬਚਪਨ ਮੁਸ਼ਕਲਾਂ ਨਾਲ ਭਰਿਆ ਰਿਹਾ ਅਤੇ ਉਹ ਨਸ਼ਿਆਂ ਦੀ ਲਤ ਨਾਲ ਵੀ ਜੂਝਦਾ ਰਿਹਾ। ਜੱਜ ਨੇ ਕਿਹਾ ਕਿ ਬੈਰਨ ਨੇ ਆਪਣੇ ਕਿਰਦਾਰ ਲਈ ਪਛਤਾਵਾ ਜਤਾਇਆ ਹੈ ਅਤੇ ਸੁਧਾਰ ਦੀ ਇੱਛਾ ਦਿਖਾਈ ਹੈ। ਇਸ ਮਾਮਲੇ ਵਿੱਚ ਉਸ ‘ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਵੀ ਲਗਾਇਆ ਗਿਆ ਹੈ ਅਤੇ ਇਸ ਬਾਰੇ ਉਸ ਦੀ ਅਗਲੀ ਅਦਾਲਤੀ ਪੇਸ਼ੀ 26 ਮਾਰਚ ਨੂੰ ਹੋਵੇਗੀ।

ਇਸ ਲੇਖ ਨੂੰ ਸਾਂਝਾ ਕਰੋ: