ਵੈਸਟਜੈੱਟ ਦੀਆਂ ਫਲਾਈਟ ਅਟੈਂਡੈਂਟਸ ਵੱਲੋਂ ਦਾਇ ਮੁਕੱਦਮੇ ਵਿੱਚ 4.5 ਮਿਲੀਅਨ ਡਾਲਰ ਦੇ ਸਮਝੌਤੇ ਨੂੰ ਮਨਜ਼ੂਰੀ
ਬੀ.ਸੀ. ਸੁਪਰੀਮ ਕੋਰਟ ਨੇ ਵੈਸਟਜੈੱਟ ਦੀਆਂ ਮਹਿਲਾ ਫਲਾਈਟ ਅਟੈਂਡੈਂਟਸ ਵੱਲੋਂ ਦਾਇਰ ਕਲਾਸ-ਐਕਸ਼ਨ ਮੁਕੱਦਮੇ ਵਿੱਚ 4.5 ਮਿਲੀਅਨ ਡਾਲਰ ਦੇ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਾਮਲੇ ਵਿੱਚ ਦੋਸ਼ ਲਾਇਆ ਗਿਆ ਸੀ ਕਿ ਵੈਸਟਜੈੱਟ ਨੇ ਫਲਾਈਟ ਅਟੈਂਡੈਂਟਸ ਨੂੰ ਹੈਰਾਸਮੈਂਟ ਤੋਂ ਬਚਾਉਣ ਲਈ ਢੁਕਵੀਂ ਐਂਟੀ-ਹੈਰਾਸਮੈਂਟ ਨੀਤੀ ਲਾਗੂ ਨਹੀਂ ਕੀਤੀ। ਇਹ ਕੇਸ ਮੁੱਖ ਪਟੀਸ਼ਨਰ ਮੰਡਾਲੇਨਾ ਲੂਇਸ ਵੱਲੋਂ ਇੱਕ ਪਾਇਲਟ ਖ਼ਿਲਾਫ਼ ਲਾਏ ਗਏ ਜਿਨਸੀ ਹਮਲੇ ਦੇ ਦੋਸ਼ਾਂ ਤੋਂ ਬਾਅਦ ਸ਼ੁਰੂ ਹੋਇਆ ਸੀ। ਇਹ ਸਮਝੌਤਾ 2014 ਤੋਂ 2021 ਦਰਮਿਆਨ ਵੈਸਟਜੈੱਟ ਮੇਨਲਾਈਨ ਵਿੱਚ ਕੰਮ ਕਰ ਚੁੱਕੀਆਂ ਲਗਭਗ 3,500 ਮਹਿਲਾ ਫਲਾਈਟ ਅਟੈਂਡੈਂਟਸ ’ਤੇ ਲਾਗੂ ਹੋਵੇਗਾ। ਸਹੀ ਦਾਅਵਾ ਕਰਨ ਵਾਲੀ ਹਰ ਯੋਗ ਮੈਂਬਰ ਨੂੰ ਲਗਭਗ 470 ਡਾਲਰ ਮਿਲਣ ਦਾ ਅੰਦਾਜ਼ਾ ਹੈ। ਇਸ ਤੋਂ ਇਲਾਵਾ, ਵੈਸਟਜੈੱਟ ਨੂੰ ਇੱਕ ਸੁਤੰਤਰ ਸੰਸਥਾ ਰਾਹੀਂ ਵਰਕਪਲੇਸ ਹੈਰਾਸਮੈਂਟ ਬਾਰੇ ਜਾਂਚ ਕਰਵਾਉਣੀ ਹੋਵੇਗੀ ਅਤੇ ਨਤੀਜਿਆਂ ਦਾ ਸਾਰ ਕਰਮਚਾਰੀਆਂ ਨਾਲ ਸਾਂਝਾ ਕਰਨਾ ਹੋਵੇਗਾ। ਵੈਸਟਜੈੱਟ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਸਮਝੌਤਾ ਕਿਸੇ ਗਲਤੀ ਜਾਂ ਜ਼ਿੰਮੇਵਾਰੀ ਨੂੰ ਸਵੀਕਾਰ ਕਰਨਾ ਨਹੀਂ ਹੈ।