ਬਿਨਾਂ ਰਜਿਸਟ੍ਰੇਸ਼ਨ ਕਾਰੋਬਾਰ ਕਰਨ ਦੇ ਮਾਮਲੇ ਵਿੱਚ ਮੋਰਟਗੇਜ ਬਰੋਕਰ ਹਰਵਿੰਦਰ ਮੱਕੜ ਨੂੰ 50 ਹਜ਼ਾਰ ਡਾਲਰ ਜੁਰਮਾਨਾ

ਬੀ.ਸੀ. ਦੀ ਇੱਕ ਮੋਰਟਗੇਜ ਬਰੋਕਰ ਹਰਵਿੰਦਰ ਮੱਕੜ ਨੂੰ ਬਿਨਾਂ valid ਰਜਿਸਟ੍ਰੇਸ਼ਨ ਦੇ ਮੋਰਟਗੇਜ ਕਾਰੋਬਾਰ ਕਰਨ ਦੇ ਮਾਮਲੇ ਵਿੱਚ ਸੂਬੇ ਦੇ ਵਿੱਤੀ ਰੈਗੂਲੇਟਰ ਬੀ.ਸੀ. ਫਾਇਨੈਂਸ਼ੀਅਲ ਸਰਵਿਸਿਜ਼ ਅਥਾਰਟੀ (BCFSA) ਵੱਲੋਂ ਕਾਨੂੰਨ ਅਧੀਨ ਵੱਧ ਤੋਂ ਵੱਧ ਜੁਰਮਾਨਾ ਲਗਾਇਆ ਗਿਆ ਹੈ। ਜਾਂਚ ਮੁਤਾਬਕ, ਜਨਵਰੀ 2023 ਵਿੱਚ ਜਿਸ ਮੋਰਟਗੇਜ ਕੰਪਨੀ ਨਾਲ ਉਹ ਰਜਿਸਟਰ ਸੀ, ਉਸ ਦੇ ਬੰਦ ਹੋਣ ਤੋਂ ਬਾਅਦ ਉਸਦੀ ਰਜਿਸਟ੍ਰੇਸ਼ਨ ਵੀ ਖਤਮ ਹੋ ਗਈ ਸੀ। BCFSA ਨੇ ਉਸਨੂੰ ਇਸ ਬਾਰੇ ਲਿਖਤੀ ਸੂਚਨਾ ਵੀ ਦਿੱਤੀ ਸੀ, ਫਿਰ ਵੀ ਉਹ ਦਸੰਬਰ 2023 ਤੱਕ ਮੋਰਟਗੇਜ ਸੌਦੇ ਕਰਵਾਉਂਦੀ ਰਹੀ। ਇਸ ਦੌਰਾਨ ਉਸ ਨੇ 13 ਜਾਇਦਾਦਾਂ ਨਾਲ ਜੁੜੇ 10 ਮੋਰਟਗੇਜ ਸੌਦੇ ਕਰਵਾਏ, ਜਿਨ੍ਹਾਂ ਵਿੱਚ 21 ਕਰਜ਼ਾ ਲੈਣ ਵਾਲੇ ਸ਼ਾਮਲ ਸਨ, ਅਤੇ ਕਰੀਬ 61 ਹਜ਼ਾਰ ਡਾਲਰ ਫੀਸ ਵਜੋਂ ਪ੍ਰਾਪਤ ਕੀਤੇ। ਮੱਕੜ ਨੇ ਆਪਣੀ ਗਲਤੀ ਮੰਨਦਿਆਂ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ। ਸਮਝੌਤੇ ਤਹਿਤ ਉਸ ਨੇ 50 ਹਜ਼ਾਰ ਡਾਲਰ ਜੁਰਮਾਨਾ ਅਤੇ 5 ਹਜ਼ਾਰ ਡਾਲਰ ਜਾਂਚ ਖਰਚੇ ਅਦਾ ਕਰਨ ਲਈ ਸਹਿਮਤੀ ਦਿੱਤੀ ਹੈ। BCFSA ਦਾ ਕਹਿਣਾ ਹੈ ਕਿ ਬਿਨਾਂ ਰਜਿਸਟਰਡ ਮੋਰਟਗੇਜ ਬਰੋਕਰੇਜ ਦੇ ਕੰਮ ਕਰਨਾ ਖਪਤਕਾਰਾਂ ਦੀ ਸੁਰੱਖਿਆ ਲਈ ਬਣਾਏ ਗਏ ਨਿਯਮਾਂ ਦੀ ਉਲੰਘਣਾ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਜਾਰੀ ਰਹੇਗੀ।

ਇਸ ਲੇਖ ਨੂੰ ਸਾਂਝਾ ਕਰੋ: