ਸਰੀ ਵਿੱਚ ਫੁੱਟਪਾਥਾਂ ਦੀ ਰਫ਼ਤਾਰ ਚੋਣ ਮੁੱਦਾ ਬਣੀ, ਮੇਅਰ ਅਹੁਦੇ ਦੇ ਉਮੀਦਵਾਰ ਦਾ 50 ਕਿਲੋਮੀਟਰ ਦਾ ਵਾਅਦਾ

ਸਰੀ ਵਿੱਚ ਫੁੱਟਪਾਥ ਬਣਾਉਣ ਦੀ ਰਫ਼ਤਾਰ ਹੁਣ ਚੋਣ ਮੁੱਦਾ ਬਣ ਗਈ ਹੈ। Imagine Surrey ਸਲੇਟ ਵੱਲੋਂ ਮੇਅਰ ਦੇ ਉਮੀਦਵਾਰ ਅਤੇ ਸਾਬਕਾ ਫਾਇਰਫਾਈਟਰ ਮਾਈਕ ਸਟਾਰਚੁਕ ਨੇ ਕਿਹਾ ਹੈ ਕਿ ਜੇ ਉਹ ਚਾਰ ਸਾਲਾਂ ਲਈ ਮੇਅਰ ਚੁਣੇ ਜਾਂਦੇ ਹਨ ਤਾਂ ਉਹ 50 ਕਿਲੋਮੀਟਰ ਨਵੇਂ ਫੁੱਟਪਾਥ ਬਣਾਉਣਗੇ। ਸਟਾਰਚੁਕ ਨੇ ਸ਼ਹਿਰ ਦੀ 2025 ਦੀ Sidewalk Action Plan ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰੀ ਹਰ ਸਾਲ ਲਗਭਗ 7 ਤੋਂ 10 ਕਿਲੋਮੀਟਰ ਨਵੇਂ ਫੁੱਟਪਾਥ ਬਣਾਉਂਦਾ ਹੈ ਅਤੇ ਇਸ ’ਤੇ ਕਰੀਬ 7 ਮਿਲੀਅਨ ਡਾਲਰ ਸਾਲਾਨਾ ਖਰਚ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਰਫ਼ਤਾਰ ਕਾਫ਼ੀ ਨਹੀਂ ਹੈ ਅਤੇ ਜਨਤਕ ਸੁਰੱਖਿਆ ਸਿਰਫ਼ ਕ੍ਰਾਈਮ ਨਾਲ ਸਬੰਧਤ ਨਹੀਂ। ਦੂਜੇ ਪਾਸੇ ਮੇਅਰ ਬਰੈਂਡਾ ਲੌਕ ਨੇ ਇਨ੍ਹਾਂ ਅੰਕੜਿਆਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਦੇ ਮੌਜੂਦਾ ਕਾਰਜਕਾਲ ਦੌਰਾਨ 85.6 ਕਿਲੋਮੀਟਰ ਫੁੱਟਪਾਥ ਬਣਾਏ ਗਏ ਹਨ ਅਤੇ ਇਸ ਸਾਲ ਹੀ 15 ਕਿਲੋਮੀਟਰ ਤੋਂ ਵੱਧ ਫੁੱਟਪਾਥ ਬਣ ਚੁੱਕੇ ਹਨ। ਸਰੀ ਸਿਟੀ ਮੁਤਾਬਕ ਆਮ ਤੌਰ ’ਤੇ ਹਰ ਸਾਲ 7 ਤੋਂ 10 ਕਿਲੋਮੀਟਰ ਫੁੱਟਪਾਥ ਬਣਦੇ ਹਨ, ਪਰ ਸੜਕਾਂ ਨੂੰ ਚੌੜਾ ਕਰਨ ਵਾਲੇ ਪ੍ਰੋਜੈਕਟਾਂ ਸਮੇਤ ਹਾਲੀਆ ਸਾਲਾਂ ਵਿੱਚ ਇਹ ਔਸਤ 20 ਕਿਲੋਮੀਟਰ ਤੋਂ ਵੱਧ ਰਹੀ ਹੈ। ਸ਼ਹਿਰ ਦੀ ਯੋਜਨਾ ਮੁਤਾਬਕ ਸਰੀ ਵਿੱਚ ਲਗਭਗ 558 ਕਿਲੋਮੀਟਰ ਫੁੱਟਪਾਥ ਦੀ ਘਾਟ ਹੈ, ਜਿਸਨੂੰ ਪੂਰਾ ਕਰਨ ਲਈ 400 ਤੋਂ 500 ਮਿਲੀਅਨ ਡਾਲਰ ਦੀ ਲਾਗਤ ਆ ਸਕਦੀ ਹੈ ਅਤੇ ਮੌਜੂਦਾ ਰਫ਼ਤਾਰ ਨਾਲ ਇਸਨੂੰ ਪੂਰਾ ਕਰਨ ਵਿੱਚ ਕਈ ਦਹਾਕੇ ਲੱਗ ਸਕਦੇ ਹਨ।

ਇਸ ਲੇਖ ਨੂੰ ਸਾਂਝਾ ਕਰੋ: