ਦਿੱਲੀ ਵਿਚ ਹੋਇਆ ਹਰੀਸ਼ ਰਾਣਾ ਦਾ ਅੰਤਿਮ ਸਸਕਾਰ, ਭਾਵੁਕ ਪਿਤਾ ਨੇ ਜੋੜੇ ਹੱਥ

ਇੱਛਾ ਮੌਤ ਪਾਉਣ ਵਾਲੇ ਗਾਜ਼ੀਆਬਾਦ ਦੇ ਹਰੀਸ਼ ਰਾਣਾ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਛੋਟੇ ਭਰਾ, ਆਸ਼ੀਸ਼ ਨੇ ਅੱਜ ਸਵੇਰੇ 9:40 ਵਜੇ ਦਿੱਲੀ ਦੇ ਗ੍ਰੀਨ ਪਾਰਕ ਸ਼ਮਸ਼ਾਨਘਾਟ ਵਿੱਚ ਚਿਤਾ ਨੂੰ ਅਗਨੀ ਦਿੱਤੀ। ਇਸ ਤੋਂ ਪਹਿਲਾਂ, ਹਰੀਸ਼ ਦੀ ਦੇਹ ਨੂੰ ਸ਼ਮਸ਼ਾਨਘਾਟ ਲਿਆਂਦਾ ਗਿਆ। ਉਸ ਦੇ ਪਿਤਾ, ਅਸ਼ੋਕ ਰਾਣਾ (62) ਨੇ ਆਪਣੇ ਪੁੱਤਰ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਰੋਂਦੇ ਹੋਏ ਪਿਤਾ ਨੇ ਭੀੜ ਦੇ ਸਾਹਮਣੇ ਆਪਣੇ ਹੱਥ ਜੋੜ ਕੇ ਕਿਹਾ: ''ਕੋਈ ਨਾ ਰੋਵੇ। ਪੁੱਤਰ ਸ਼ਾਂਤੀ ਨਾਲ ਜਾਵੇ। ਪੁੱਤ ਹੁਣ ਜਿੱਥੇ ਵੀ ਜਨਮ ਲਵੇ, ਉਸ ਨੂੰ ਰੱਬ ਦਾ ਅਸ਼ੀਰਵਾਦ ਮਿਲੇ''।

31 ਸਾਲਾ ਹਰੀਸ਼ ਨੇ ਕੱਲ੍ਹ, 24 ਮਾਰਚ ਨੂੰ ਏਮਜ਼, ਦਿੱਲੀ ਵਿਚ ਆਖ਼ਰੀ ਸਾਹ ਲਏ। ਉਹ 13 ਸਾਲਾਂ ਤੋਂ ਕੋਮਾ ਵਿਚ ਸਨ। ਡਾਕਟਰਾਂ ਦੇ ਅਨੁਸਾਰ, ਪਰਿਵਾਰ ਨੇ ਹਰੀਸ਼ ਦੇ ਫੇਫੜੇ, ਦੋਵੇਂ ਗੁਰਦੇ ਅਤੇ ਕੌਰਨੀਆ ਦਾਨ ਕਰ ਦਿੱਤੇ ਹਨ। ਇਸ ਨਾਲ ਛੇ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲਣ ਦੀ ਉਮੀਦ ਹੈ।

ਹਰੀਸ਼ ਨੂੰ ਏਮਜ਼ ਵਿਖੇ ਪੈਸਿਵ ਯੂਥੇਨੇਸੀਆ ਦਿੱਤਾ ਗਿਆ ਸੀ। ਇਸ ਦਾ ਅਰਥ ਹੈ ਕਿ ਇੱਕ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ ਨੂੰ ਜ਼ਿੰਦਾ ਰੱਖਣ ਲਈ ਦਿੱਤੀ ਜਾ ਰਹੀ ਬਾਹਰੀ ਜੀਵਨ ਸਹਾਇਤਾ ਜਾਂ ਇਲਾਜ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਮਰੀਜ਼ ਕੁਦਰਤੀ ਤੌਰ 'ਤੇ ਮਰ ਸਕਦਾ ਹੈ। ਸੁਪਰੀਮ ਕੋਰਟ ਨੇ 11 ਮਾਰਚ ਨੂੰ ਹਰੀਸ਼ ਨੂੰ ਇੱਛਾ ਮੌਤ ਦੀ ਇਜਾਜ਼ਤ ਦਿੱਤੀ ਸੀ। ਇਹ ਦੇਸ਼ ਦਾ ਪਹਿਲਾ ਮਾਮਲਾ ਹੈ ਜਿੱਥੇ ਇੱਛਾ ਮੌਤ ਦੀ ਇਜਾਜ਼ਤ ਦਿੱਤੀ ਗਈ ਹੈ। ਹਰੀਸ਼ ਨੂੰ 14 ਮਾਰਚ ਨੂੰ ਉਸ ਦੇ ਗਾਜ਼ੀਆਬਾਦ ਘਰ ਤੋਂ ਏਮਜ਼, ਦਿੱਲੀ ਤਬਦੀਲ ਕਰ ਦਿੱਤਾ ਗਿਆ ਸੀ। 16 ਮਾਰਚ ਨੂੰ, ਹਰੀਸ਼ ਦੀ ਫੀਡਿੰਗ ਟਿਊਬ ਹਟਾ ਦਿੱਤੀ ਗਈ ਸੀ।

ਇਸ ਲੇਖ ਨੂੰ ਸਾਂਝਾ ਕਰੋ: