ਬੀ.ਸੀ. ਨੇ ਜੇਲਾਂ ਵਿੱਚ ਇਕੱਲੇ ਕੈਦ ਦੇ ਮਾਮਲੇ ਲਈ ਕੀਤਾ $60 ਮਿਲੀਅਨ ਦਾ ਸੈਟਲਮੈਂਟ
ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬਾਈ ਜੇਲਾਂ ਵਿੱਚ ਪਿਛਲੇ 20 ਸਾਲਾਂ ਦੌਰਾਨ (ਸੋਲਟਰੀ ਕੰਫਾਈਨਮੈਂਟ) ਇਕੱਲੇ ਕੈਦ ਦੇ ਇਸਤੇਮਾਲ ਬਾਰੇ ਚੱਲ ਰਹੇ ਕਲਾਸ-ਐਕਸ਼ਨ ਮਾਮਲੇ ਦਾ 60 ਮਿਲੀਅਨ ਡਾਲਰ ਤੱਕ ਸੈਟਲਮੈਂਟ ਕੀਤਾ ਹੈ। ਬੀ.ਸੀ. ਸੁਪਰੀਮ ਕੋਰਟ ਨੇ ਅਕਤੂਬਰ ਵਿੱਚ ਸੈਟਲਮੈਂਟ ਨੂੰ ਮਨਜ਼ੂਰੀ ਦਿੱਤੀ ਅਤੇ ਇਸ ਮਹੀਨੇ ਤੋਂ ਯੋਗ ਦਾਅਵੇਦਾਰਾਂ ਲਈ ਪ੍ਰਕਿਰਿਆ ਸ਼ੁਰੂ ਹੋ ਗਈ। ਮਾਮਲੇ ਵਿੱਚ ਦਾਅਵਾ ਕੀਤਾ ਗਿਆ ਕਿ ਇਕੱਲੇ ਕੈਦ “ਕ੍ਰੂਰ, ਮਨੁੱਖੀ ਸਨਮਾਨ ਨੂੰ ਨੁਕਸਾਨ ਪਹੁੰਚਾਉਣ ਵਾਲੀ ਅਤੇ ਨਿੰਦਜਨਕ” ਸੀ।
ਸੈਟਲਮੈਂਟ ਵਿੱਚ $30 ਮਿਲੀਅਨ “ਕਾਮਨ ਐਕਸਪੀਰੀਅੰਸ ਫੰਡ” ਅਤੇ $25 ਮਿਲੀਅਨ “ਸੀਰੀਅਸ ਹਾਰਮਜ਼ ਫੰਡ” ਸ਼ਾਮਲ ਹਨ, ਜੋ 2,500 ਤੋਂ ਵੱਧ ਯੋਗ ਦਾਅਵਿਆਂ ਦੇ ਆਉਣ ’ਤੇ $5 ਮਿਲੀਅਨ ਵਧ ਸਕਦਾ ਹੈ। ਇਸਦੇ ਨਾਲ ਹੀ ਸੇਗਰੇਗੇਸ਼ਨ ਅਮਲਾਂ ਨੂੰ ਸੁਧਾਰਨ ਅਤੇ ਕੈਦੀਆਂ ਲਈ ਵੱਧ ਸੁਵਿਧਾਜਨਕ ਪ੍ਰਬੰਧਾਂ ਲਈ ਨੀਤੀਆਂ ਬਣਾਉਣ ਦੀ ਗਾਰੰਟੀ ਦਿੱਤੀ ਗਈ ਹੈ। ਅਗਲੇ ਦੋ ਸਾਲਾਂ ਦੌਰਾਨ ਕਲਾਸ ਅਤੇ ਸਰਕਾਰ ਦੇ ਵਕੀਲ ਹਰ ਤਿੰਨ ਮਹੀਨੇ ਮਿਲ ਕੇ ਸੁਧਾਰਾਂ ਦੀ ਸਮੀਖਿਆ ਕਰਨਗੇ।
ਯੋਗ ਦਾਅਵੇਦਾਰਾਂ ਲਈ ਆਖਰੀ ਤਾਰੀਖ 11 ਜਨਵਰੀ 2027 ਹੈ। ਇਸ ਦੇ ਅਧਾਰ ‘ਤੇ ਕਿਸੇ ਨੂੰ $91,000 ਤੱਕ ਮਿਲ ਸਕਦਾ ਹੈ। ਜਿਹੜੇ ਗੰਭੀਰ ਨੁਕਸਾਨਾਂ ਦਾ ਸਾਹਮਣਾ ਕਰਦੇ ਹਨ, ਉਹ $85,000 ਤੱਕ ਪ੍ਰਾਪਤ ਕਰ ਸਕਦੇ ਹਨ। ਲੰਬੇ ਸਮੇਂ ਇਕੱਲੇ ਕੈਦ ਵਿੱਚ ਰਹਿਣ ਵਾਲੇ ਜਾਂ ਮਾਨਸਿਕ ਬਿਮਾਰੀ ਵਾਲੇ ਲੋਕ ਵੱਖਰੇ ਭੁਗਤਾਨ ਵੱਜੋਂ $3,000 ਤੋਂ $6,000 ਤੱਕ ਪ੍ਰਾਪਤ ਕਰ ਸਕਦੇ ਹਨ। “ਸੀਰੀਅਸ ਹਾਰਮਜ਼” ਵਿੱਚ ਮਾਨਸਿਕ ਬਿਮਾਰੀ ਦੀ ਨਵੀਂ ਪਛਾਣ, ਸੈਗਰੇਗੇਸ਼ਨ ਦੌਰਾਨ ਆਤਮ-ਹਾਨੀ ਜਾਂ ਸੁਇਸਾਈਡ ਦਾ ਯਤਨ ਸ਼ਾਮਲ ਹੈ।
ਇਸ ਸੈਟਲਮੈਂਟ ਨਾਲ B.C. Corrections ਨੇ ਇਕੱਲੇ ਕੈਦ ਦੀਆਂ ਸ਼ਰਤਾਂ ਵਿੱਚ ਸੁਧਾਰ ਕਰਨ ਅਤੇ ਕੈਦੀਆਂ ਲਈ ਹੋਰ ਸੁਵਿਧਾ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ।