ਜੁਲਾਈ ਮਹੀਨੇ ਕੈਨੇਡਾ ਦੇ ਵਾਸੀਆਂ ਲਈ ਆਇਆਂ ਹੋਰ 75 ਹਜ਼ਾਰ ਨਵੀਆਂ ਨੌਕਰੀਆਂ
ਸਟੈਟਿਸਟਿਕਸ ਕੈਨੇਡਾ ਮੁਤਾਬਕ ਦੇਸ਼ ਵਿੱਚ ਜੁਲਾਈ ਮਹੀਨੇ 75 ਹਜ਼ਾਰ ਨਵੀਆਂ ਨੌਕਰੀਆਂ ਸ਼ਾਮਲ ਹੋਈਆਂ, ਜਿਸ ਨਾਲ ਬੇਰੁਜ਼ਗਾਰੀ ਦਰ ਘਟ ਕੇ 6.4 ਫ਼ੀਸਦੀ ਰਹਿ ਗਈ, ਜੋ ਪਿਛਲੇ ਦੋ ਸਾਲਾਂ ਦਾ ਸਭ ਤੋਂ ਘੱਟ ਪੱਧਰ ਹੈ। ਨਵੀਆਂ ਨੌਕਰੀਆਂ ਵਿੱਚ ਫੁੱਲ-ਟਾਈਮ ਅਤੇ ਪਾਰਟ-ਟਾਈਮ ਦੋਵੇਂ ਸ਼ਾਮਲ ਹਨ। ਸਭ ਤੋਂ ਵੱਧ 21 ਹਜ਼ਾਰ ਨੌਕਰੀਆਂ ਹੋਲਸੇਲ ਅਤੇ ਰਿਟੇਲ ਖੇਤਰ ਵਿੱਚ ਬਣੀਆਂ। 25 ਤੋਂ 54 ਸਾਲ ਦੀ ਉਮਰ ਦੇ ਲੋਕਾਂ ਵਿੱਚ ਰੋਜ਼ਗਾਰ ਵਧਿਆ, ਖ਼ਾਸ ਕਰਕੇ ਇਸ ਉਮਰ ਵਰਗ ਦੀਆਂ ਮਹਿਲਾਵਾਂ ਨੂੰ ਵੱਧ ਨੌਕਰੀਆਂ ਮਿਲੀਆਂ। ਇਸ ਸਮੂਹ ਵਿੱਚ ਮਹਿਲਾਵਾਂ ਦੀ ਬੇਰੁਜ਼ਗਾਰੀ ਦਰ ਘਟ ਕੇ 5.2 ਫ਼ੀਸਦੀ ਰਹਿ ਗਈ, ਜਦਕਿ ਪੁਰਸ਼ਾਂ ਲਈ ਇਹ 5.8 ਫ਼ੀਸਦੀ 'ਤੇ ਸਥਿਰ ਰਹੀ। ਸੂਬਿਆਂ ਵਿੱਚ ਓਨਟਾਰੀਓ ਸਭ ਤੋਂ ਅੱਗੇ ਰਿਹਾ, ਜਿੱਥੇ 52 ਹਜ਼ਾਰ ਨਵੀਆਂ ਨੌਕਰੀਆਂ ਬਣੀਆਂ। ਬ੍ਰਿਟਿਸ਼ ਕੋਲੰਬੀਆ ਵਿੱਚ 18 ਹਜ਼ਾਰ, ਮੈਨੀਟੋਬਾ ਵਿੱਚ ਲਗਭਗ 5,900 ਅਤੇ ਨੋਵਾ ਸਕੋਸ਼ੀਆ ਵਿੱਚ 4,600 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ। ਅਪ੍ਰੈਲ ਤੋਂ ਹੁਣ ਤੱਕ ਦੇਸ਼ ਵਿੱਚ ਕੁੱਲ 1 ਲੱਖ 81 ਹਜ਼ਾਰ ਨਵੀਆਂ ਨੌਕਰੀਆਂ ਬਣ ਚੁੱਕੀਆਂ ਹਨ, ਜਦਕਿ ਪਿਛਲੇ ਇੱਕ ਸਾਲ ਵਿੱਚ ਇਹ ਵਾਧਾ 1 ਲੱਖ 96 ਹਜ਼ਾਰ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਰੋਜ਼ਗਾਰ ਬਾਜ਼ਾਰ ਹੁਣ ਸਥਿਰ ਹੋ ਰਿਹਾ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ਼ ਲਗਾਉਣ ਦੀਆਂ ਧਮਕੀਆਂ ਕਾਰੋਬਾਰਾਂ ਲਈ ਨਵੀਂ ਅਣਿਸ਼ਚਿਤਤਾ ਪੈਦਾ ਕਰ ਸਕਦੀਆਂ ਹਨ।