ਵੈਨਕੂਵਰ ਵਿੱਚ ਕ੍ਰਿਕਟ ਖੇਡ ਰਹੇ ਲੋਕਾਂ 'ਤੇ ਬੇਅਰ ਸਪਰੇਅ ਕਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਗ੍ਰਿਫ਼ਤਾਰ

ਵੈਨਕੂਵਰ ਵਿੱਚ ਕਿਟਸਿਲਾਨੋ ਦੇ ਕਨਾਟ ਪਾਰਕ ਵਿੱਚ ਕ੍ਰਿਕਟ ਖੇਡ ਰਹੇ ਲੋਕਾਂ 'ਤੇ ਬੇਅਰ ਸਪਰੇਅ ਕਰਨ ਅਤੇ ਇੱਕ ਖਿਡਾਰੀ ਦੀ ਬਾਂਹ ਤੋੜਣ ਦੇ ਮਾਮਲੇ ਵਿੱਚ ਵੈਨਕੂਵਰ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ 6 ਵਜੇ ਵਾਪਰੀ, ਜਦੋਂ ਕ੍ਰਿਕਟ ਮੈਚ ਦੌਰਾਨ ਇੱਕ ਵਿਅਕਤੀ ਮੈਦਾਨ ਵਿੱਚ ਦਾਖ਼ਲ ਹੋ ਕੇ ਵਾਰ-ਵਾਰ ਖੇਡ ਵਿੱਚ ਰੁਕਾਵਟ ਪਾਉਣ ਲੱਗਾ। ਖਿਡਾਰੀਆਂ ਅਤੇ ਦਰਸ਼ਕਾਂ ਵੱਲੋਂ ਉਸਨੂੰ ਉੱਥੋਂ ਜਾਣ ਲਈ ਕਹਿਣ 'ਤੇ ਉਹ ਗੁੱਸੇ ਵਿੱਚ ਆ ਗਿਆ ਅਤੇ ਗਾਲ੍ਹਾਂ ਕੱਢਣ ਲੱਗਾ। ਦੋਸ਼ ਹੈ ਕਿ ਉਸ ਨੇ 37 ਸਾਲਾ ਇੱਕ ਖਿਡਾਰੀ ਦੇ ਮੁੱਕਾ ਮਾਰਿਆ, ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਪੰਜ ਲੋਕਾਂ 'ਤੇ ਬੇਅਰ ਸਪਰੇਅ ਕਰ ਦਿੱਤਾ ਅਤੇ ਉੱਥੋਂ ਭੱਜ ਗਿਆ। ਜਦੋਂ ਖਿਡਾਰੀਆਂ ਨੇ ਉਸ ਦਾ ਪਿੱਛਾ ਕੀਤਾ ਤਾਂ ਉਹ ਕਈ ਵਾਰ ਮੁੜ ਕੇ ਉਨ੍ਹਾਂ 'ਤੇ ਦੁਬਾਰਾ ਬੇਅਰ ਸਪਰੇਅ ਕਰਦਾ ਰਿਹਾ। ਆਖ਼ਿਰਕਾਰ ਉਸ ਨੇ 37 ਸਾਲਾ ਖਿਡਾਰੀ ਨੂੰ ਮੁੜ ਮੁੱਕਾ ਮਾਰਿਆ ਅਤੇ ਜ਼ਮੀਨ 'ਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਬਾਂਹ ਟੁੱਟ ਗਈ। ਜ਼ਖ਼ਮੀ ਖਿਡਾਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਵੈਨਕੂਵਰ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਅਦ ਵਿੱਚ ਉਸਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਵਾਅਦੇ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਲੇਖ ਨੂੰ ਸਾਂਝਾ ਕਰੋ: