ਸਰੀ ਦੇ ਇਕ ਘਰ ਤੇ ਸ਼ਪੇਮਾਰੀ ਦੌਰਾਨ ਪੁਲਿਸ ਵੱਲੋਂ ਨਸ਼ੇ ਦੀ ਵੱਡੀ ਖੇਪ ਜਬਤ

ਸਰੀ ਪੁਲਿਸ ਸਰਵਿਸ ਨੇ ਚਾਰ ਮਹੀਨੇ ਤੱਕ ਚੱਲੇ ਵਿਸ਼ੇਸ਼ ਆਪ੍ਰੇਸ਼ਨ "ਪ੍ਰੋਜੈਕਟ ਫੈਂਟਮ" ਤਹਿਤ ਵੱਡੀ ਸਫਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਫਰਵਰੀ 2026 ਵਿੱਚ ਪ੍ਰੋਲਿਫਿਕ ਅਫੈਂਡਰ ਯੂਨਿਟ ਨੇ ਫੈਂਟਾਨਿਲ ਸਮੇਤ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੇ ਸ਼ੱਕ ਹੇਠ ਕਈ ਵਿਅਕਤੀਆਂ ਦੀ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਸਰੀ ਦੇ ਇੱਕ ਘਰ ਨਾਲ ਜੁੜੀਆਂ ਨਸ਼ਾ ਤਸਕਰੀ ਗਤੀਵਿਧੀਆਂ ਦੇ ਸਬੂਤ ਮਿਲਣ ਤੋਂ ਬਾਅਦ 21 ਮਈ ਨੂੰ ਅਦਾਲਤੀ ਤਲਾਸ਼ੀ ਵਾਰੰਟ ਦੀ ਕਾਰਵਾਈ CBSA, ਲੋਅਰ ਮੇਨਲੈਂਡ ਐਮਰਜੈਂਸੀ ਰਿਸਪਾਂਸ ਟੀਮ ਅਤੇ SPS ਦੇ ਅਧਿਕਾਰੀਆਂ ਦੀ ਮਦਦ ਨਾਲ ਕੀਤੀ ਗਈ। ਇਸ ਛਾਪੇ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਕਰੀਬ 8 ਲੱਖ 91 ਹਜ਼ਾਰ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਪੁਲਿਸ ਨੇ ਲਗਭਗ 15.89 ਕਿਲੋਗ੍ਰਾਮ ਅਫੀਮ, 468 ਗ੍ਰਾਮ ਫੈਂਟਾਨਿਲ, 559 ਗ੍ਰਾਮ ਕੋਕੇਨ, 1,529 ਗ੍ਰਾਮ ਕੈਨਾਬਿਸ, 148 ਗ੍ਰਾਮ ਮੈਥਐਮਫੈਟਾਮੀਨ ਅਤੇ 35 ਗ੍ਰਾਮ ਹੈਰੋਇਨ ਦੇ ਨਾਲ ਨਸ਼ਿਆਂ ਦੀ ਪੈਕਿੰਗ ਅਤੇ ਵੰਡ ਲਈ ਵਰਤਿਆ ਜਾਣ ਵਾਲਾ ਸਾਮਾਨ ਅਤੇ ਨਕਦੀ ਵੀ ਜ਼ਬਤ ਕੀਤੀ। ਪੁਲਿਸ ਅਨੁਸਾਰ ਬਰਾਮਦ ਕੀਤੀ ਗਈ ਫੈਂਟਾਨਿਲ ਦੀ ਮਾਤਰਾ ਲਗਭਗ 23 ਹਜ਼ਾਰ 400 ਘਾਤਕ ਖੁਰਾਕਾਂ ਦੇ ਬਰਾਬਰ ਹੈ। ਜਾਂਚ ਅੱਗੇ ਵਧਣ ਤੋਂ ਬਾਅਦ 19 ਜੂਨ ਨੂੰ 24 ਸਾਲਾ ਗੁਰਜੋਤ ਸਿੰਘ ਨੂੰ ਮੁੜ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰੀ ਅਤੇ ਤਸਕਰੀ ਦੇ ਉਦੇਸ਼ ਨਾਲ ਨਸ਼ੀਲੇ ਪਦਾਰਥ ਰੱਖਣ ਦੇ ਕੁੱਲ ਛੇ ਦੋਸ਼ ਲਗਾਏ ਗਏ ਹਨ। ਗੁਰਜੋਤ ਸਿੰਘ ਨੂੰ 26 ਜੂਨ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਹ ਵਿਦੇਸ਼ੀ ਨਾਗਰਿਕ ਹੈ ਅਤੇ ਮਾਮਲੇ ਵਿੱਚ CBSA ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸ਼ੁਰੂ ਵਿੱਚ ਗ੍ਰਿਫ਼ਤਾਰ ਕੀਤੇ ਗਏ ਹੋਰ ਦੋ ਵਿਅਕਤੀਆਂ ਖ਼ਿਲਾਫ਼ ਕੋਈ ਦੋਸ਼ ਨਹੀਂ ਲਗਾਏ ਗਏ ਅਤੇ ਉਨ੍ਹਾਂ ਨੂੰ CBSA ਵੱਲੋਂ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ।

ਇਸ ਲੇਖ ਨੂੰ ਸਾਂਝਾ ਕਰੋ: