ਅੰਦਰੂਨੀ ਖੁਫੀਆ ਚੇਤਾਵਨੀ ਨੇ ਫੈਲਾਈ ਕੈਨੇਡਾ ਦੀਆਂ ਪੁਲਿਸ ਫੋਰਸਾਂ ਵਿੱਚ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ
ਕੈਨੇਡਾ ਭਰ ਦੀਆਂ ਪੁਲਿਸ ਫੋਰਸਾਂ ਵਿੱਚ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪੈਦਾ ਹੋ ਗਈ ਹੈ, ਕਿਉਂਕਿ ਬੀ.ਸੀ. ਆਰ.ਸੀ.ਐਮ.ਪੀ. ਵੱਲੋਂ ਜਾਰੀ ਕੀਤੀ ਗਈ ਅੰਦਰੂਨੀ ਖੁਫੀਆ ਚੇਤਾਵਨੀ ਵਿੱਚ ਇੱਕ ਹਿੰਸਕ ਐਲਾਨ ਜਾਂ ਮੈਨੀਫੈਸਟੋ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਲੋਕਾਂ ਨੂੰ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਖ਼ਿਲਾਫ਼ ਹਿੰਸਾ ਕਰਨ ਲਈ ਉਕਸਾਇਆ ਗਿਆ ਹੈ। ਸਰੀ ਪੁਲਿਸ ਸਰਵਿਸ ਦੇ ਸਟਾਫ਼ ਸਰਜੰਟ ਲਿੰਡਸੀ ਹਾਊਟਨ ਨੇ ਦੱਸਿਆ ਕਿ ਬੀ.ਸੀ. ਦੀਆਂ ਪੁਲਿਸ ਏਜੰਸੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅਜਿਹਾ ਕੋਈ ਦਸਤਾਵੇਜ਼ ਜਾਂ ਮੈਨੀਫੈਸਟੋ ਮੌਜੂਦ ਹੋ ਸਕਦਾ ਹੈ। ਇਹ ਚੇਤਾਵਨੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਪਿਛਲੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਕੈਨੇਡਾ ਵਿੱਚ ਤਿੰਨ ਪੁਲਿਸ ਅਧਿਕਾਰੀ ਡਿਊਟੀ ਦੌਰਾਨ ਮਾਰੇ ਜਾ ਚੁੱਕੇ ਹਨ ਅਤੇ ਹਾਲ ਹੀ ਵਿੱਚ ਸਸਕੈਚਵਨ ਦੇ ਮੇਲਵਿਲ ਵਿੱਚ ਦੋ ਆਰ.ਸੀ.ਐਮ.ਪੀ. ਅਧਿਕਾਰੀ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਹਨ। ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਇਸ ਮੈਨੀਫੈਸਟੋ ਨੂੰ ਇਨ੍ਹਾਂ ਘਟਨਾਵਾਂ ਨਾਲ ਸਿੱਧੇ ਤੌਰ 'ਤੇ ਨਹੀਂ ਜੋੜਿਆ, ਪਰ ਸਮੇਂ ਨੂੰ ਦੇਖਦਿਆਂ ਜਾਂਚ ਏਜੰਸੀਆਂ ਪੂਰੀ ਸਾਵਧਾਨੀ ਵਰਤ ਰਹੀਆਂ ਹਨ। ਹਾਲੀਆ ਘਟਨਾਵਾਂ ਵਿੱਚ ਮਾਂਟਰੀਅਲ ਪੁਲਿਸ ਅਧਿਕਾਰੀ ਮੁਹੰਮਦ ਲਾਮੀਨ ਬੇਨਰੇਦੂਆਨ, ਟੋਰਾਂਟੋ ਪੁਲਿਸ ਕਾਂਸਟੇਬਲ ਮਾਰਕ ਪਿਨਿਜ਼ੋਟੋ ਅਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਕਾਂਸਟੇਬਲ ਤਰੁਣ ਬਾਲੀ ਦੀ ਡਿਊਟੀ ਦੌਰਾਨ ਮੌਤ ਸ਼ਾਮਲ ਹੈ। ਬੀ.ਸੀ. ਦੀ ਜਨਤਕ ਸੁਰੱਖਿਆ ਮੰਤਰੀ ਨੀਨਾ ਕ੍ਰੀਗਰ ਨੇ ਕਿਹਾ ਕਿ ਇਹ ਘਟਨਾਵਾਂ ਪੁਲਿਸ ਅਧਿਕਾਰੀਆਂ ਵੱਲੋਂ ਹਰ ਰੋਜ਼ ਆਪਣੇ ਫਰਜ਼ ਨਿਭਾਉਂਦੇ ਸਮੇਂ ਦਰਪੇਸ਼ ਖ਼ਤਰਿਆਂ ਦੀ ਯਾਦ ਦਿਵਾਉਂਦੀਆਂ ਹਨ। ਉਨ੍ਹਾਂ ਨੇ ਸ਼ਹੀਦ ਅਧਿਕਾਰੀਆਂ ਦੇ ਪਰਿਵਾਰਾਂ ਅਤੇ ਸਾਥੀਆਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਸਾਰੇ ਕੈਨੇਡੀਅਨ ਪੁਲਿਸ ਕਰਮਚਾਰੀਆਂ ਦੀ ਬਹਾਦਰੀ ਅਤੇ ਕੁਰਬਾਨੀ ਦਾ ਸਨਮਾਨ ਕਰਦੇ ਹਨ। ਇਸ ਦੌਰਾਨ ਮਾਂਟਰੀਅਲ ਗੋਲੀਕਾਂਡ ਦੀ ਜਾਂਚ ਕਿਊਬੈਕ ਦੀ ਪੁਲਿਸ ਨਿਗਰਾਨ ਏਜੰਸੀ ਅਤੇ ਸੂਰੇਤੇ ਦੁ ਕਿਊਬੈਕ ਵੱਲੋਂ ਵੱਖ-ਵੱਖ ਤੌਰ 'ਤੇ ਕੀਤੀ ਜਾ ਰਹੀ ਹੈ।