ਸਰੀ ਸ਼ਹਿਰ ਵਿੱਚ ਆਉਣ ਵਾਲੇ ਹਫ਼ਤਿਆਂ ਵਿੱਚ ਹੋਣ ਜਾ ਰਿਹਾ ਹੈ ਇੱਕ ਵੱਡਾ ਐਲਾਨ
ਸਰੀ ਸ਼ਹਿਰ ਵਿੱਚ ਪ੍ਰਸਤਾਵਿਤ 10 ਹਜ਼ਾਰ ਸੀਟਾਂ ਵਾਲੇ ਨਵੇਂ ਅਰੀਨਾ ਪ੍ਰੋਜੈਕਟ ਨੂੰ ਲੈ ਕੇ ਆਉਣ ਵਾਲੇ ਹਫ਼ਤਿਆਂ ਵਿੱਚ ਇੱਕ ਵੱਡਾ ਐਲਾਨ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਸਿਟੀ ਮੈਨੇਜਰ ਰੌਬ ਕੋਸਟਾਂਜ਼ੋ ਨੇ ਸਰੀ ਐਂਡ ਵਾਈਟ ਰੌਕ ਬੋਰਡ ਆਫ ਟਰੇਡ ਦੇ ਲੰਚਨ ਦੌਰਾਨ ਦਿੱਤੀ। ਹਾਲਾਂਕਿ ਉਨ੍ਹਾਂ ਨੇ ਪੂਰੇ ਵੇਰਵੇ ਸਾਂਝੇ ਨਹੀਂ ਕੀਤੇ, ਪਰ ਇਹ ਜ਼ਰੂਰ ਦੱਸਿਆ ਕਿ ਇਹ ਸਿਰਫ਼ ਇੱਕ ਰਵਾਇਤੀ ਹਾਕੀ ਅਰੀਨਾ ਨਹੀਂ ਹੋਵੇਗਾ, ਸਗੋਂ ਮਨੋਰੰਜਨ, ਸੱਭਿਆਚਾਰ ਅਤੇ ਵਪਾਰ ਦਾ ਇੱਕ ਵਿਸ਼ਵ ਪੱਧਰੀ ਕੇਂਦਰ ਬਣੇਗਾ। ਇਹ ਅਰੀਨਾ ਚੱਕ ਬੇਲੀ ਰਿਕ੍ਰੀਏਸ਼ਨ ਸੈਂਟਰ ਦੇ ਨੇੜੇ ਟੌਮ ਬਿੰਨੀ ਪਾਰਕ ਕੋਲ ਸ਼ਹਿਰ ਦੀ ਮਲਕੀਅਤ ਵਾਲੀ ਜ਼ਮੀਨ 'ਤੇ ਬਣਾਇਆ ਜਾਣਾ ਪ੍ਰਸਤਾਵਿਤ ਹੈ ਅਤੇ ਇਸ ਦੀ Construction 2027 ਵਿੱਚ ਸ਼ੁਰੂ ਹੋ ਸਕਦੀ ਹੈ। ਕੋਸਟਾਂਜ਼ੋ ਨੇ ਇਹ ਵੀ ਪੁਸ਼ਟੀ ਕੀਤੀ ਕਿ ਇਸ ਅਰੀਨਾ ਨਾਲ ਇੱਕ ਪੇਸ਼ੇਵਰ ਖੇਡ ਟੀਮ ਜੁੜੀ ਹੋਵੇਗੀ ਅਤੇ ਬਿਨਾਂ ਕਿਸੇ ਐਂਕਰ ਟੀਮ ਦੇ ਪ੍ਰੋਜੈਕਟ ਅੱਗੇ ਨਹੀਂ ਵਧਾਇਆ ਜਾਵੇਗਾ। ਉਨ੍ਹਾਂ ਦੇ ਅਨੁਸਾਰ ਇਸ ਕੰਪਲੈਕਸ ਵਿੱਚ 10 ਹਜ਼ਾਰ ਸੀਟਾਂ ਵਾਲੇ ਅਰੀਨਾ ਦੇ ਨਾਲ-ਨਾਲ ਸੱਭਿਆਚਾਰਕ ਸਮਾਗਮਾਂ ਲਈ ਹਾਲ, ਰੈਸਟੋਰੈਂਟ, ਨਾਈਟ ਕਲੱਬ, ਦੁਕਾਨਾਂ, ਖੁੱਲ੍ਹਾ ਪਲਾਜ਼ਾ, 5-star ਹੋਟਲ, ਕਨਵੈਨਸ਼ਨ ਸੈਂਟਰ ਅਤੇ ਰਿਹਾਇਸ਼ੀ ਟਾਵਰ ਵੀ ਸ਼ਾਮਲ ਹੋਣਗੇ। ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਬਿਲ ਔਜਲਾ ਨੇ ਕਿਹਾ ਕਿ ਤੇਜ਼ੀ ਨਾਲ ਵੱਧ ਰਹੀ ਆਬਾਦੀ ਨੂੰ ਦੇਖਦੇ ਹੋਏ ਸਰੀ ਨੂੰ ਅਜਿਹੇ ਮਨੋਰੰਜਨ ਕੇਂਦਰਾਂ ਦੀ ਸਖ਼ਤ ਲੋੜ ਹੈ, ਜੋ ਲੋਕਾਂ ਨੂੰ ਸ਼ਹਿਰ ਵਿੱਚ ਲਿਆ ਕੇ ਸਥਾਨਕ ਕਾਰੋਬਾਰ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੇ। ਇਸ ਮੌਕੇ ਕੋਸਟਾਂਜ਼ੋ ਨੇ ਸਰੀ ਵਿੱਚ ਚੱਲ ਰਹੇ ਹੋਰ ਵੱਡੇ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਸਕਾਈਟ੍ਰੇਨ ਦਾ ਵਿਸਥਾਰ, ਐਸਐਫਯੂ ਸਕੂਲ ਆਫ ਮੈਡੀਸਨ, ਨਿਊਟਨ ਟਾਊਨ ਸੈਂਟਰ ਦਾ ਪੁਨਰ ਵਿਕਾਸ, ਕਿੰਗ ਜਾਰਜ ਬੱਸ ਰੈਪਿਡ ਟ੍ਰਾਂਜ਼ਿਟ, ਨਿਕੋਮੇਕਲ ਰਿਵਰਫਰੰਟ ਪਾਰਕ ਅਤੇ ਨਵੇਂ ਪਬਲਿਕ ਸੇਫਟੀ ਕੈਂਪਸ ਵਰਗੇ ਪ੍ਰੋਜੈਕਟ ਸ਼ਾਮਲ ਹਨ।