ਨਕੋਦਰ ਬੇਅਦਬੀ ਗੋਲੀ ਕਾਂਡ ਵਿਚ ਦੋ ਸਾਬਕਾ ਆਈ.ਏ.ਐਸ ਅਫ਼ਸਰਾਂ ਨੇ ਵਿਧਾਨ ਸਭਾ ਕਮੇਟੀ ਕੋਲ ਬਿਆਨ ਦਰਜ ਕਰਵਾਏ
ਪੰਜਾਬ ਵਿਧਾਨ ਸਭਾ ਵਲੋਂ 1986 ਵਿਚ ਵਾਪਰੇ ਨਕੋਦਰ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਸਿਲੈਕਟ ਕਮੇਟੀ ਦੀ ਅੱਜ ਇਥੇ ਹੋਈ ਮੀਟਿੰਗ ਵਿਚ ਸੁਣਵਾਈ ਮੌਕੇ ਦੋ ਸਾਬਕਾ ਆਈ ਏ ਐਸ ਅਧਿਕਾਰੀ ਪੇਸ਼ ਹੋਏ। ਕਮੇਟੀ ਦੇ ਚੇਅਰਮੈਨ ਡਾ. ਇੰਦਰਬੀਰ ਸਿੰਘ ਨਿੱਜਰ ਅਨੁਸਾਰ ਸਾਬਕਾ ਮੁੱਖ ਸਕੱਤਰ ਰਹੇ ਰਮੇਸ਼ਇੰਦਰ ਸਿੰਘ ਅਤੇ ਦਰਬਾਰਾ ਸਿੰਘ ਗੁਰੂ ਨੂੰ ਇਸ ਮਾਮਲੇ ਵਿਚ ਸਹਿਯੋਗ ਲਈ ਸੱਦਿਆ ਗਿਆ ਸੀ ਕਿਉਂਕਿ ਮਾਮਲਾ ਬਹੁਤ ਪੁਰਾਣਾ ਹੋਣ ਕਾਰਨ ਪੂਰਾ ਰਿਕਾਰਡ ਨਹੀਂ ਲੱਭ ਰਿਹਾ। ਇਨ੍ਹਾਂ ਸਾਬਕਾ ਅਧਿਕਾਰੀਆਂ ਨੇ ਅਪਣੇ ਬਿਆਨ ਦਰਜ ਕਰਵਾਏ ਹਨ। ਇਨ੍ਹਾਂ ਨੇ ਪੂਰਾ ਸਹਿਯੋਗ ਦਿਤਾ ਹੈ ਅਤੇ ਸਵਾਲਾਂ ਦੇ ਖੁਲ੍ਹ ਕੇ ਜਵਾਬ ਦਿਤੇ। ਨਕੋਦਰ ਗੋਲੀ ਕਾਂਡ ਸਮੇਂ ਦਰਬਾਰਾ ਸਿੰਘ ਗੁਰੂ ਜਲੰਧਰ ਦੇ ਡੀ.ਸੀ ਸਨ ਅਤੇ ਬਾਅਦ ਵਿਚ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਂ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਰਹੇ। ਨਿੱਜਰ ਨੇ ਕਿਹਾ ਕਿ ਸਭ ਪਾਸਿਓਂ ਜਾਣਕਾਰੀ ਹਾਸਲ ਕਰ ਕੇ ਨਕੋਦਰ ਗੋਲੀ ਕਾਂਡ ਦੀ ਰਿਪੋਰਟ ਜਲਦੀ ਪੇਸ਼ ਕੀਤੀ ਜਾਵੇ। ਵਰਨਣਯੋਗ ਹੈ ਕਿ ਨਕੋਦਰ ਗੋਲੀ ਕਾਂਡ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਚਾਰ ਸਿੱਖ ਨੌਜਵਾਨਾਂ ਦੀ ਪੁਲਿਸ ਦੀ ਗੋਲੀਬਾਰੀ ਵਿਚ ਮੌਤ ਹੋ ਗਈ ਸੀ।
ਪੰਜਾਬ ਸਰਕਾਰ ਵਲੋਂ ਬੇਅਦਬੀ ਦੇ 2015 ਨਾਲ ਜੁੜੇ ਮਮਲਿਆਂ ਦੀ ਜਾਂਚ ਤੇਜ਼ੀ ਨਾਲ ਕਰਨ ਲਈ ਇਕ ਨਵੀ ਐਸ ਆਈ ਟੀ ਬਣਾਈ ਹੈ। ਇਸ ਕਮੇਟੀ ਦਾ ਚੇਅਰਮੈਨ ਡੀ.ਆਈ.ਜੀ ਬਠਿੰਡਾ ਰੇਂਜ ਹਰਜੀਤ ਸਿੰਘ ਨੂੰ ਬਣਾਇਆ ਗਿਆ ਹੈ। ਉਨ੍ਹਾਂ ਨਾਲ ਮਲੇਰਕੋਟਲਾ ਦੇ ਐਸ.ਐਸ.ਪੀ ਗੁਰਮੀਤ ਸਿੰਘ, ਅਮ੍ਰਿਤਸਰ ਦੇ ਏ.ਡੀ.ਸੀ.ਪੀ ਹਰਪਾਲ ਸਿੰਘ ਅਤੇ ਸੰਗਰੂਰ ਦਿਹਾਤੀ ਦੇ ਡੀ.ਐਸ.ਪੀ. ਦਲਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਬੇਅਦਬੀ ਦੇ ਲੰਬਿਤ ਮਮਲਿਆਂ ਨੂੰ ਵੀ ਤੇਜ਼ੀ ਨਾਲ ਨਿਪਟਾਉਣ ਦੀ ਹਿਦਾਇਤ ਕੀਤੀ ਗਈ ਹੈ। ਸੁਖਬੀਰ ਬਾਦਲ ਦੁਆਲੇ ਸਿਕੰਜਾ ਕਸਣ ਦੀ ਕੋਸ਼ਿਸ਼ ਹੋ ਰਹੀ ਹੈ । ਇਸ ਤੋਂ ਪਹਿਲਾਂ ਬਹਿਬਲ ਗੋਲੀ ਕਾਂਡ ਵਿਚ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਬਿਆਨ ਦਰਜ ਕਰਨ ਮਗਰੋਂ ਸਵਰਗੀ ਬਾਦਲ ਦੇ ਨਾਲ ਬਰਗਾੜੀ ਬੇਅਦਬੀ ਸਮੇਂ ਤਾਇਨਾਤ ਰਹੇ ਆਈ.ਏ.ਐਸ ਗਗਨਦੀਪ ਸਿੰਘ, ਭਾਜਪਾ ਆਗੂ ਵਿਜੈ ਸਾਂਪਲਾ ਤੋਂ ਵੀ ਪੁਛਗਿਛ ਸ਼ੁਰੂ ਕੀਤੀ ਹੈ।