ਅੰਮ੍ਰਿਤਸਰ ’ਚ ਵਾਪਰੇ ਹਾਦਸੇ ਦੌਰਾਨ ਨੌਜਵਾਨ ਹੋਇਆ ਜ਼ਖ਼ਮੀ
ਅੰਮ੍ਰਿਤਸਰ ਬਾਈਪਾਸ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੀੜਤ ਪਰਿਵਾਰ ਦੇ ਅਨੁਸਾਰ ਇਹ ਹਾਦਸਾ ਬਾਬਾ ਦਰਸ਼ਨ ਸਿੰਘ ਦੇ ਡੇਰੇ ਨੇੜੇ ਉਸ ਸਮੇਂ ਵਾਪਰਿਆ ਜਦੋਂ ਜ਼ਖ਼ਮੀ ਨੌਜਵਾਨ ਆਪਣੇ ਵਾਹਨ ਰਾਹੀਂ ਫਰੂਟ ਮੰਡੀ ਵੱਲ ਜਾ ਰਿਹਾ ਸੀ। ਪੀੜਤ ਦੇ ਭਰਾ ਦਿਲਬਰ ਨੇ ਦੱਸਿਆ ਕਿ ਇੱਕ ਕਾਰ ਰੌਂਗ ਸਾਈਡ ਤੋਂ ਫੁੱਟਪਾਥ ਟੱਪ ਕੇ ਬਹੁਤ ਤੇਜ਼ ਰਫ਼ਤਾਰ ਨਾਲ ਆਈ ਅਤੇ ਉਨ੍ਹਾਂ ਦੇ ਵਾਹਨ ਨਾਲ ਜਾ ਟਕਰਾਈ । ਹਾਦਸੇ ਵਿੱਚ ਉਸ ਦੇ ਭਰਾ ਦੀਆਂ ਬਾਹਾਂ ਦੀਆਂ ਨਾੜਾਂ ਕੱਟੀਆਂ ਗਈਆਂ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ । ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ PGI ਚੰਡੀਗੜ੍ਹ ਰੈਫਰ ਕਰ ਦਿੱਤਾ।
ਦਿਲਬਰ ਨੇ ਦੋਸ਼ ਲਗਾਇਆ ਕਿ ਹਾਦਸਾਗ੍ਰਸਤ ਕਾਰ ਵਿੱਚੋਂ ਸਰਿੰਜਾਂ ਅਤੇ ਔਰਤਾਂ ਨਾਲ ਸਬੰਧਤ ਸਮਾਨ ਵੀ ਮਿਲਿਆ ਹੈ। ਉਸ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਕੁਝ ਵਿਅਕਤੀ ਮੌਕੇ 'ਤੇ ਪਹੁੰਚੇ ਅਤੇ ਵੀਡੀਓ ਬਣਾਉਣ ਤੋਂ ਰੋਕਣ ਲਈ ਬਹਿਸਬਾਜ਼ੀ ਕਰਨ ਲੱਗ ਪਏ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਕਾਰ ਦਾ ਮਾਲਕ ਆਪਣੇ ਆਪ ਨੂੰ ਘਟਨਾ ਨਾਲ ਅਸਬੰਧਤ ਦੱਸ ਰਿਹਾ ਸੀ, ਜਦਕਿ ਉਹ ਉਸ ਨੂੰ ਮੌਕੇ 'ਤੇ ਮੌਜੂਦ ਦੇਖ ਰਹੇ ਸਨ । ਪੀੜਤ ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਜ਼ਖ਼ਮੀ ਨੌਜਵਾਨ ਆਪਣੇ ਨਾਲ ਫਰੂਟ ਖਰੀਦਣ ਲਈ ਕਰੀਬ 75 ਹਜ਼ਾਰ ਰੁਪਏ ਨਕਦ ਲੈ ਕੇ ਗਿਆ ਸੀ, ਜੋ ਹਾਦਸੇ ਤੋਂ ਬਾਅਦ ਨਹੀਂ ਮਿਲੇ । ਹਾਲਾਂਕਿ ਉਸ ਦਾ ਮੋਬਾਈਲ ਫੋਨ ਬਰਾਮਦ ਹੋ ਗਿਆ ਹੈ, ਪਰ ਨਕਦੀ ਅਤੇ ਹੋਰ ਸਮਾਨ ਅਜੇ ਤੱਕ ਨਹੀਂ ਮਿਲਿਆ । ਘਟਨਾ ਦੀ ਸੂਚਨਾ ਮਿਲਣ ਉਪਰੰਤ ਛੇਹਰਟਾ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ । ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।