ਬਠਿੰਡਾ ’ਚ ਡਾਕਟਰ ਦੇ ਕਲੀਨਿਕ 'ਤੇ ਪੈਟਰੋਲ ਬੰਬ ਹਮਲੇ ਦਾ ਮਾਮਲਾ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਸਾਂਝੀ ਪ੍ਰੈੱਸ ਕਾਨਫਰੰਸ

ਬੀਤੇ ਦਿਨੀਂ ਬਠਿੰਡਾ ਦੇ ਨੇੜੇ ਮੇਲਾ ਰਾਮ ਹਸਪਤਾਲ ਵਾਰਡ ਨੰਬਰ 47 ਸਥਿਤ ਡਾ. ਤਰਸੇਮ ਗਰਗ ਦੇ ਹੈਨੀਮੈਨ ਹੋਮੀਓ ਕਲੀਨਿਕ 'ਤੇ ਹੋਏ ਕਥਿਤ ਪੈਟਰੋਲ ਬੰਬ ਹਮਲੇ ਦੇ ਮਾਮਲੇ ਨੂੰ ਲੈ ਕੇ ਬਠਿੰਡਾ ਵਿਖੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਕਾਂਗਰਸੀ ਆਗੂ ਨਰੇਸ਼ ਗਰਗ ਅਤੇ ਡਾ. ਤਰਸੇਮ ਗਰਗ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਅਸਲ ਦੋਸ਼ੀਆਂ ਅਤੇ ਸਾਜ਼ਿਸ਼ਕਾਰਾਂ ਨੂੰ ਬੇਨਕਾਬ ਕਰਨ ਦੀ ਮੰਗ ਕੀਤੀ।

ਪ੍ਰੈੱਸ ਕਾਨਫਰੰਸ ਦੌਰਾਨ ਡਾ. ਤਰਸੇਮ ਗਰਗ ਨੇ ਦੱਸਿਆ ਕਿ ਕਲੀਨਿਕ 'ਤੇ ਹਮਲੇ ਦੀ ਘਟਨਾ ਤੋਂ ਬਾਅਦ ਉਨ੍ਹਾਂ ਦੀ ਪਤਨੀ ਦੇ ਮੋਬਾਈਲ ਫੋਨ 'ਤੇ ਇੱਕ ਅੰਤਰਰਾਸ਼ਟਰੀ ਵਟਸਐਪ ਕਾਲ ਆਈ ਸੀ। ਡਾ. ਗਰਗ ਮੁਤਾਬਕ ਕਾਲ ਕਰਨ ਵਾਲੇ ਵਿਅਕਤੀ ਨੇ ਪਹਿਲਾਂ ਪੁੱਛਿਆ ਕਿ "ਮਾਲਕ ਕਿੱਥੇ ਹੈ?" ਅਤੇ ਫਿਰ ਕਥਿਤ ਤੌਰ 'ਤੇ ਕਿਹਾ ਕਿ "ਤੁਹਾਨੂੰ ਟ੍ਰੇਲਰ ਦਿਖਾ ਦਿੱਤਾ ਹੈ।" ਡਾ. ਗਰਗ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪਤਨੀ ਨੇ ਪੁੱਛਿਆ ਕਿ ਤੁਸੀਂ ਕੌਣ ਬੋਲ ਰਹੇ ਹੋ ਤਾਂ ਕਾਲ ਕਰਨ ਵਾਲੇ ਨੇ ਆਪਣਾ ਨਾਮ "ਸ਼ਹਿਜਾਦ ਭੱਟੀ" ਦੱਸਦਿਆਂ ਕਿਹਾ ਕਿ "ਜੇ ਮੇਰੇ ਬਾਰੇ ਨਹੀਂ ਪਤਾ ਤਾਂ ਗੂਗਲ 'ਤੇ ਸਰਚ ਕਰ ਲਓ ਕਿ ਮੈਂ ਕੌਣ ਹਾਂ, ਮੈਂ ਦੁਬਾਰਾ ਕਾਲ ਕਰਦਾ ਹਾਂ।"

ਡਾ. ਗਰਗ ਨੇ ਕਿਹਾ ਕਿ ਇਸ ਤੋਂ ਬਾਅਦ ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਉਨ੍ਹਾਂ ਦੀ ਪਤਨੀ ਨੂੰ ਕੋਈ ਹੋਰ ਕਾਲ ਪ੍ਰਾਪਤ ਹੋਈ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਜਾਂਚ ਏਜੰਸੀਆਂ ਇਸ ਪੱਖ ਦੀ ਵੀ ਤਫ਼ਤੀਸ਼ ਕਰ ਰਹੀਆਂ ਹਨ।

ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਇਹ ਬਹੁਤ ਗੰਭੀਰ ਘਟਨਾ ਹੈ ਅਤੇ ਇਸ ਦੇ ਪਿੱਛੇ ਦੇ ਮਕਸਦ ਨੂੰ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਬਣਾਈ ਰੱਖਣ ਲਈ ਦੋਸ਼ੀਆਂ ਤੱਕ ਪਹੁੰਚਣਾ ਲਾਜ਼ਮੀ ਹੈ।

ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਹਮਲੇ ਤੋਂ ਬਾਅਦ ਆਈ ਕਥਿਤ ਧਮਕੀ ਭਰੀ ਕਾਲ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੰਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀਸੀਟੀਵੀ ਫੁਟੇਜ, ਸਾਈਬਰ ਜਾਂਚ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਸੱਚਾਈ ਸਾਹਮਣੇ ਲਿਆਂਦੀ ਜਾਵੇ।

ਕਾਂਗਰਸੀ ਆਗੂ ਨਰੇਸ਼ ਗਰਗ ਨੇ ਵੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਠਿੰਡਾ ਦੇ ਅਮਨ-ਕਾਨੂੰਨ ਨੂੰ ਖ਼ਰਾਬ ਕਰਨ ਵਾਲੇ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਸਾਰੇ ਆਗੂਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਇਹ ਮਾਮਲਾ ਸਿਰਫ਼ ਇੱਕ ਵਿਅਕਤੀ ਨਾਲ ਨਹੀਂ, ਸਗੋਂ ਪੂਰੇ ਸ਼ਹਿਰ ਦੀ ਸੁਰੱਖਿਆ ਅਤੇ ਅਮਨ-ਸ਼ਾਂਤੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਅਤੇ ਉੱਚ-ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।

ਇਸ ਲੇਖ ਨੂੰ ਸਾਂਝਾ ਕਰੋ: