ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਬਜ਼ੁਰਗਾਂ ਦਾ ਬਣੀ ਸਹਾਰਾ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਆਪਸੀ ਭਾਈਚਾਰੇ ਅਤੇ ਸਦਭਾਵਨਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ‘ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ ਚਲਾਈ ਜਾ ਰਹੀ ਹੈ| ਮਾਨ ਸਰਕਾਰ ਵੱਲੋਂ ਇਹ ਸਕੀਮ 27 ਨਵੰਬਰ, 2023 ਨੂੰ ਸਿੱਖ ਧਰਮ ਦੇ ਸੰਸਥਾਪਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ‘ਤੇ ਸ਼ੁਰੂ ਕੀਤੀ ਗਈ ਸੀ|ਇਸ ਤਹਿਤ ਹਜ਼ਾਰਾਂ ਬਜ਼ੁਰਗ ਸ਼ਰਧਾਲੂਆਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਮੁਫ਼ਤ ਯਾਤਰਾ ਦਾ ਲਾਭ ਮਿਲ ਰਿਹਾ ਹੈ|
ਪੰਜਾਬ ਭਰ ‘ਚ ਵੱਡੀ ਗਿਣਤੀ ‘ਚ ਅਜਿਹੇ ਬਜ਼ੁਰਗ ਸ਼ਰਧਾਲੂ ਹਨ, ਜੋ ਕਈ ਕਾਰਨਾਂ ਕਰਕੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਨਹੀਂ ਕਰ ਸਕੇ| ‘ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ ਉਨ੍ਹਾਂ ਬਜ਼ੁਰਗਾਂ ਦਾ ਸੁਪਨਾ ਪੂਰਾ ਕਰ ਰਹੀ ਹੈ|ਇਸ ਯੋਜਨਾ ਤਹਿਤ 50 ਸਾਲ ਦੀ ਉਮਰ ਤੋਂ ਵੱਧ ਦਾ ਕੋਈ ਵੀ ਵਿਅਕਤੀ ਕਿਸੇ ਵੀ ਤੀਰਥ ਅਸਥਾਨ ਦੀ ਯਾਤਰਾ ਕਰ ਸਕਦਾ ਹੈ|
ਮਾਨ ਸਰਕਾਰ ਯਾਤਰਾ ਦੌਰਾਨ ਸ਼ਰਧਾਲੂਆਂ ਦੇ ਲਈ ਭੋਜਨ ਅਤੇ ਰਿਹਾਇਸ਼ ਦਾ ਸਾਰਾ ਖਰਚਾ ਖ਼ੁਦ ਚੁੱਕਦੀ ਹੈ| ਇਸਦੇ ਨਾਲ ਹੀ ਤੀਰਥ ਯਾਤਰਾ ਦੌਰਾਨ ਕਿਸੇ ਵੀ ਐਮਰਜੈਂਸੀ ਦੀ ਸਥਿਤੀ ‘ਚ ਡਾਕਟਰਾਂ, ਵਲੰਟੀਅਰਾਂ ਅਤੇ ਅਧਿਕਾਰੀਆਂ ਦੀ ਇੱਕ ਟੀਮ ਸ਼ਰਧਾਲੂਆਂ ਦੇ ਨਾਲ ਰਹਿੰਦੀ ਹੈ|
ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ 1100 ਤੋਂ ਵੱਧ ਬਜ਼ੁਰਗ ਸ਼ਰਧਾਲੂ ਰੋਜ਼ਾਨਾ ਇਸ ਸਕੀਮ ਤਹਿਤ ਤੀਰਥਾਂ ਅਸਥਾਨਾਂ ਦੀ ਯਾਤਰਾ ਕਰ ਰਹੇ ਹਨ। ਸ਼ਰਧਾਲੂਆਂ ਦੇ ਆਰਾਮ, ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ 900 ਤੋਂ ਵੱਧ ਸਟਾਫ਼ ਮੈਂਬਰ ਤਾਇਨਾਤ ਕੀਤੇ ਗਏ ਹਨ|ਇਸ ਤੋਂ ਇਲਾਵਾ ਯਾਤਰਾ ਵੇਲੇ ਸਾਰੇ ਸ਼ਰਧਾਲੂਆਂ ਨੂੰ ਚਾਦਰਾਂ, ਕੰਬਲ, ਤੌਲੀਏ, ਤੇਲ ਅਤੇ ਇੱਕ ਕੰਘੀ ਵਾਲੀ ਇੱਕ ਕਿੱਟ ਮੁਫ਼ਤ ਪ੍ਰਦਾਨ ਕੀਤੀ ਜਾਂਦੀ ਹੈ|
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਸ਼ਰਧਾਲੂਆਂ ਨੂੰ ਸ੍ਰੀ ਹਜ਼ੂਰ ਸਾਹਿਬ, ਸ੍ਰੀ ਪਟਨਾ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਦਮਦਮਾ ਸਾਹਿਬ, ਵਾਰਾਣਸੀ, ਮਥੁਰਾ, ਸ੍ਰੀ ਵੈਸ਼ਨੋ ਦੇਵੀ, ਮਾਤਾ ਚਿੰਤਪੂਰਨੀ ਜੀ, ਮਾਤਾ ਨੈਣਾ ਦੇਵੀ ਜੀ, ਮਾਤਾ ਜਵਾਲਾ ਜੀ, ਸਾਲਾਸਰ ਧਾਮ, ਖਾਟੂ ਸ਼ਿਆਮ ਜੀ, ਅਜਮੇਰ ਸ਼ਰੀਫ ਅਤੇ ਹੋਰ ਧਾਰਮਿਕ ਅਸਥਾਨਾਂ ਦੀ ਯਾਤਰਾ ਦਾ ਲਾਭ ਦਿੱਤਾ ਜਾ ਰਿਹਾ ਹੈ|
ਪੰਜਾਬ ਸਰਕਾਰ ਦੀ ਮੁਫ਼ਤ “ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ” ਲਈ ਔਨਲਾਈਨ ਅਰਜ਼ੀ ਦੇਣ ਲਈ, ਪੰਜਾਬ ‘ਚ ਰਿਹਾਇਸ਼ ਦਾ ਪ੍ਰਮਾਣ, ਆਧਾਰ ਕਾਰਡ, ਉਮਰ ਦਾ ਪ੍ਰਮਾਣ, ਵੋਟਰ ਆਈਡੀ ਕਾਰਡ, ਮੋਬਾਈਲ ਨੰਬਰ, ਈਮੇਲ ਆਈਡੀ ਅਤੇ ਸਿਹਤ ਸਰਟੀਫਿਕੇਟ ਦੀ ਲੋੜ ਹੁੰਦੀ ਹੈ| ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2026-27 ਲਈ ਕਰੀਬ 7.15 ਲੱਖ ਨਾਗਰਿਕਾਂ ਲਈ ਤੀਰਥ ਯਾਤਰਾਵਾਂ ਦੀ ਸਹੂਲਤ ਲਈ 312 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ|