ਬੀ.ਸੀ. ਦੀ ਪਬਲਿਕ ਟ੍ਰਾਂਸਪੋਰਟੇਸ਼ਨ ਵਿੱਚ ਏਅਰ ਕੰਡੀਸ਼ਨਿੰਗ ਦੀ ਘਾਟ ਇਕ ਵਾਰ ਫੇਰ ਬਣੀ ਚਰਚਾ ਦਾ ਵਿਸ਼ਾ
ਬੀ.ਸੀ. ਵਿੱਚ 2021 ਦੇ ਘਾਤਕ ਹੀਟ ਡੋਮ ਨੂੰ ਪੰਜ ਸਾਲ ਪੂਰੇ ਹੋਣ ਦੇ ਮੌਕੇ 'ਤੇ ਇੱਕ ਵਾਰ ਫਿਰ public trasport ਵਿੱਚ ਏਅਰ ਕੰਡੀਸ਼ਨਿੰਗ ਦੀ ਘਾਟ ਚਰਚਾ ਦਾ ਵਿਸ਼ਾ ਬਣ ਗਈ ਹੈ। ਉਸ ਹੀਟ ਡੋਮ ਦੌਰਾਨ 600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਕੋਲ ਠੰਡੀ ਹਵਾ ਜਾਂ ਏਅਰ ਕੰਡੀਸ਼ਨਿੰਗ ਦੀ ਸਹੂਲਤ ਨਹੀਂ ਸੀ। ਇਸੇ ਦੌਰਾਨ ਟਰਾਂਸਲਿੰਕ ਨੇ ਮੰਨਿਆ ਹੈ ਕਿ ਉਸਦੀ ਸਕਾਈਟ੍ਰੇਨ ਅਤੇ ਬੱਸ ਫਲੀਟ ਦਾ ਵੱਡਾ ਹਿੱਸਾ ਅਜੇ ਵੀ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਨਹੀਂ ਹੈ। ਟਰਾਂਸਲਿੰਕ ਅਨੁਸਾਰ ਇਸ ਵੇਲੇ ਕਰੀਬ 75 ਫ਼ੀਸਦੀ ਸਕਾਈਟ੍ਰੇਨ ਡੱਬਿਆਂ ਅਤੇ 60 ਫ਼ੀਸਦੀ ਬੱਸਾਂ ਵਿੱਚ ਏਅਰ ਕੰਡੀਸ਼ਨਿੰਗ ਮੌਜੂਦ ਹੈ। ਸੰਸਥਾ ਦਾ ਕਹਿਣਾ ਹੈ ਕਿ ਪੁਰਾਣੀਆਂ ਮਾਰਕ-1 ਟ੍ਰੇਨਾਂ ਨੂੰ ਹਟਾਉਣ ਨਾਲ ਆਉਣ ਵਾਲੇ ਸਾਲਾਂ ਵਿੱਚ ਪੂਰੀ ਸਕਾਈਟ੍ਰੇਨ ਫਲੀਟ ਏਅਰ ਕੰਡੀਸ਼ਨਡ ਹੋ ਜਾਵੇਗੀ, ਜਦਕਿ 2028 ਤੱਕ ਸਾਰੀਆਂ ਬੱਸਾਂ ਵਿੱਚ ਵੀ ਏਅਰ ਕੰਡੀਸ਼ਨਿੰਗ ਉਪਲਬਧ ਹੋਣ ਦੀ ਉਮੀਦ ਹੈ। ਹਾਲਾਂਕਿ ਰੈਪਿਡ ਬੱਸਾਂ, ਕਮਿਊਨਿਟੀ ਸ਼ਟਲ, ਹੈਂਡੀਡਾਰਟ ਅਤੇ ਸੀਬੱਸ ਪਹਿਲਾਂ ਹੀ ਏਅਰ ਕੰਡੀਸ਼ਨਡ ਹਨ। ਇਸ ਸਮੇਂ ਫੀਫਾ ਵਰਲਡ ਕੱਪ ਕਾਰਨ ਲੋਕਾਂ ਨੂੰ public trasport ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਪਰ ਭੀੜ ਅਤੇ ਕਈ ਵਾਹਨਾਂ ਵਿੱਚ ਏਅਰ ਕੰਡੀਸ਼ਨਿੰਗ ਦੀ ਕਮੀ ਯਾਤਰੀਆਂ ਲਈ ਮੁਸ਼ਕਲ ਬਣ ਰਹੀ ਹੈ। ਟਰਾਂਸਲਿੰਕ ਦਾ ਕਹਿਣਾ ਹੈ ਕਿ ਗਰਮੀਆਂ ਦੌਰਾਨ ਉਹ ਪਹਿਲਾਂ ਏਅਰ ਕੰਡੀਸ਼ਨਡ ਵਾਹਨਾਂ ਨੂੰ ਤਰਜੀਹ ਦਿੰਦੇ ਹਨ, ਪਰ ਵਰਲਡ ਕੱਪ ਦੌਰਾਨ ਹਰ ਉਪਲਬਧ ਬੱਸ ਅਤੇ ਟ੍ਰੇਨ ਨੂੰ ਸੇਵਾ ਵਿੱਚ ਲਗਾਉਣਾ ਪੈਂਦਾ ਹੈ। 2022 ਦੀ ਕੋਰੋਨਰ ਰਿਪੋਰਟ ਮੁਤਾਬਕ ਹੀਟ ਡੋਮ ਦੌਰਾਨ ਜ਼ਿਆਦਾਤਰ ਮੌਤਾਂ ਘਰਾਂ ਦੇ ਅੰਦਰ ਹੋਈਆਂ ਸਨ ਅਤੇ ਸਭ ਤੋਂ ਵੱਧ ਮੌਤਾਂ ਵੈਨਕੂਵਰ, ਸਰੀ ਅਤੇ ਬਰਨਾਬੀ ਵਿੱਚ ਦਰਜ ਕੀਤੀਆਂ ਗਈਆਂ ਸਨ।