ਵੈਨੇਜ਼ੁਏਲਾ ਵਿੱਚ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਮਚਾਈ ਭਾਰੀ ਤਬਾਹੀ
ਵੈਨੇਜ਼ੁਏਲਾ ਵਿੱਚ ਬੁੱਧਵਾਰ ਸ਼ਾਮ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾ ਦਿੱਤੀ। ਰਿਕਟਰ ਪੈਮਾਨੇ 'ਤੇ 7.2 ਅਤੇ 7.5 ਤੀਬਰਤਾ ਵਾਲੇ ਇਨ੍ਹਾਂ ਭੂਚਾਲਾਂ ਕਾਰਨ ਘੱਟੋ-ਘੱਟ 164 ਲੋਕਾਂ ਦੀ ਮੌਤ ਹੋ ਗਈ ਹੈ, ਕਰੀਬ 1,000 ਲੋਕ ਜ਼ਖ਼ਮੀ ਹੋਏ ਹਨ ਅਤੇ ਕਈ ਲੋਕ ਢਹਿ ਗਈਆਂ ਇਮਾਰਤਾਂ ਦੇ ਮਲਬੇ ਹੇਠ ਫਸੇ ਹੋਏ ਹਨ। ਇਹ ਭੂਚਾਲ ਪਿਛਲੇ ਇੱਕ ਸਦੀ ਤੋਂ ਵੀ ਵੱਧ ਸਮੇਂ ਵਿੱਚ ਵੈਨੇਜ਼ੁਏਲਾ ਵਿੱਚ ਆਏ ਸਭ ਤੋਂ ਤਾਕਤਵਰ ਭੂਚਾਲਾਂ ਵਿੱਚੋਂ ਇੱਕ ਮੰਨੇ ਜਾ ਰਹੇ ਹਨ। ਰਾਜਧਾਨੀ ਕਰਾਕਾਸ ਸਮੇਤ ਕਈ ਸ਼ਹਿਰਾਂ ਵਿੱਚ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ, ਜਦਕਿ ਦੇਸ਼ ਦਾ ਮੁੱਖ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਖਰਾਬ ਹੋਣ ਕਾਰਨ ਬੰਦ ਕਰ ਦਿੱਤਾ ਗਿਆ ਹੈ। ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗੇਜ਼ ਨੇ ਦੱਸਿਆ ਕਿ ਸਭ ਤੋਂ ਵੱਧ ਨੁਕਸਾਨ ਸਮੁੰਦਰੀ ਤੱਟੀ ਸੂਬੇ ਲਾ ਗੁਆਇਰਾ ਵਿੱਚ ਹੋਇਆ ਹੈ, ਜਿੱਥੇ ਦਰਜਨਾਂ ਇਮਾਰਤਾਂ ਢਹਿ ਗਈਆਂ ਹਨ। ਬਚਾਅ ਟੀਮਾਂ ਮਲਬੇ ਹੇਠ ਫਸੇ ਲੋਕਾਂ ਨੂੰ ਬਚਾਉਣ ਲਈ ਭਾਰੀ ਮਸ਼ੀਨਰੀ ਅਤੇ ਵਿਸ਼ੇਸ਼ ਉਪਕਰਨਾਂ ਦੀ ਮਦਦ ਨਾਲ ਲਗਾਤਾਰ ਰਾਹਤ ਕਾਰਜ ਚਲਾ ਰਹੀਆਂ ਹਨ। ਭੂਚਾਲਾਂ ਤੋਂ ਬਾਅਦ ਕਰਾਕਾਸ ਵਿੱਚ ਬਿਜਲੀ ਅਤੇ ਮੋਬਾਈਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ, ਜਦਕਿ ਮੈਟਰੋ ਸੇਵਾ ਅਤੇ ਗੈਸ ਸਪਲਾਈ ਅਸਥਾਈ ਤੌਰ 'ਤੇ ਬੰਦ ਕਰ ਦਿੱਤੀ ਗਈ ਹੈ। ਸਕੂਲਾਂ ਨੂੰ ਕੁਝ ਦਿਨਾਂ ਲਈ ਬੰਦ ਕਰਕੇ ਕਈ ਇਮਾਰਤਾਂ ਨੂੰ ਰਾਹਤ ਕੈਂਪਾਂ ਵਿੱਚ ਬਦਲਿਆ ਜਾ ਰਿਹਾ ਹੈ। ਸਰਕਾਰ ਨੇ ਲੋਕਾਂ ਨੂੰ ਖ਼ਰਾਬ ਹੋਈਆਂ ਇਮਾਰਤਾਂ ਵਿੱਚ ਵਾਪਸ ਨਾ ਜਾਣ ਦੀ ਅਪੀਲ ਕੀਤੀ ਹੈ, ਕਿਉਂਕਿ ਆਫ਼ਟਰਸ਼ਾਕ ਆਉਣ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ। ਇਸ ਦੌਰਾਨ ਕਈ ਪਰਿਵਾਰ ਆਪਣੇ ਲਾਪਤਾ ਰਿਸ਼ਤੇਦਾਰਾਂ ਦੀ ਭਾਲ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਕਰਕੇ ਜਾਣਕਾਰੀ ਮੰਗ ਰਹੇ ਹਨ।