ਸਕਾਈਟ੍ਰੇਨ ਸਟੇਸ਼ਨਾਂ ਦੀ ਸਫ਼ਾਈ ਅਤੇ ਰੱਖ-ਰਖਾਅ ਕਰਨ ਵਾਲੇ ਕਰਮਚਾਰੀਆਂ ਨੇ ਜ਼ਾਹਰ ਕੀਤੀਆਂ ਗੰਭੀਰ ਚਿੰਤਾਵਾਂ
ਟਰਾਂਸਲਿੰਕ ਦੇ ਬੋਰਡ ਦੀ ਤਿਮਾਹੀ ਮੀਟਿੰਗ ਦੌਰਾਨ ਸਕਾਈਟ੍ਰੇਨ ਸਟੇਸ਼ਨਾਂ ਦੀ ਸਫ਼ਾਈ ਅਤੇ ਰੱਖ-ਰਖਾਅ ਕਰਨ ਵਾਲੇ ਕਰਮਚਾਰੀਆਂ ਨੇ ਆਪਣੀ ਸੁਰੱਖਿਆ, ਕੰਮਕਾਜ ਦੇ ਮਾਹੌਲ ਅਤੇ ਸਟਾਫ਼ ਦੀ ਘਾਟ ਨੂੰ ਲੈ ਕੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ। ਸਰਵਿਸ ਇੰਪਲੋਈਜ਼ ਇੰਟਰਨੈਸ਼ਨਲ ਯੂਨੀਅਨ ਦੀ ਨੁਮਾਇੰਦਾ ਡੈਲਿਸ ਵੈਨ ਸਟੇਨਬਰਗ ਨੇ ਬੋਰਡ ਨੂੰ ਦੱਸਿਆ ਕਿ ਕੁਝ ਹੀ ਮਹੀਨਿਆਂ ਵਿੱਚ ਕਰੀਬ 40 ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ ਸੁਰੱਖਿਆ ਦੀ ਕਮੀ, ਸਟਾਫ਼ ਦੀ ਘਾਟ, ਛਾਂਟੀਆਂ, ਤਨਖ਼ਾਹ ਅਤੇ ਸ਼ਡਿਊਲ ਨਾਲ ਜੁੜੀਆਂ ਸਮੱਸਿਆਵਾਂ, ਧੱਕੇਸ਼ਾਹੀ, ਤੰਗ-ਪ੍ਰੇਸ਼ਾਨ ਕਰਨ ਅਤੇ ਕਰਮਚਾਰੀਆਂ ਦੇ ਅਧਿਕਾਰਾਂ ਵਿੱਚ ਦਖ਼ਲਅੰਦਾਜ਼ੀ ਵਰਗੇ ਮਾਮਲੇ ਸ਼ਾਮਲ ਹਨ। ਯੂਨੀਅਨ ਦਾ ਦੋਸ਼ ਹੈ ਕਿ ਕਰਮਚਾਰੀਆਂ ਨੂੰ ਚੱਲਦੀਆਂ ਟ੍ਰੇਨਾਂ ਦੇ ਦੌਰਾਨ ਇਕੱਲਿਆਂ ਪੀਲੀਆਂ ਸੁਰੱਖਿਆ ਲਾਈਨਾਂ ਸਾਫ਼ ਕਰਨ ਲਈ ਕਿਹਾ ਜਾਂਦਾ ਹੈ, ਜੋ ਉਨ੍ਹਾਂ ਦੀ ਜਾਨ ਲਈ ਖ਼ਤਰਾ ਬਣ ਸਕਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਉਹ ਸੁਰੱਖਿਆ ਸਬੰਧੀ ਚਿੰਤਾਵਾਂ ਉਠਾਉਣਗੇ ਤਾਂ ਉਨ੍ਹਾਂ ਦੀ ਨੌਕਰੀ ਜਾਂ ਕੈਨੇਡਾ ਵਿੱਚ ਭਵਿੱਖ ਪ੍ਰਭਾਵਿਤ ਹੋ ਸਕਦਾ ਹੈ। ਮੀਟਿੰਗ ਵਿੱਚ ਕਈ ਕਰਮਚਾਰੀਆਂ ਨੇ ਦੱਸਿਆ ਕਿ ਛਾਂਟੀਆਂ ਤੋਂ ਬਾਅਦ ਬਾਕੀ ਸਟਾਫ਼ 'ਤੇ ਵਾਧੂ ਕੰਮ ਦਾ ਬੋਝ ਪਾ ਦਿੱਤਾ ਗਿਆ ਹੈ। ਕਈਆਂ ਨੂੰ ਇੱਕ ਹੀ ਸ਼ਿਫਟ ਵਿੱਚ ਚਾਰ ਤੋਂ ਛੇ ਸਕਾਈਟ੍ਰੇਨ ਸਟੇਸ਼ਨਾਂ ਦੀ ਸਫ਼ਾਈ ਇਕੱਲੇ ਕਰਨੀ ਪੈਂਦੀ ਹੈ। ਯੂਨੀਅਨ ਨੇ ਇਹ ਵੀ ਦੋਸ਼ ਲਗਾਇਆ ਕਿ ਕਈ ਵਾਰ ਬਾਥਰੂਮ ਸਾਫ਼ ਕਰਨ ਵਾਲਾ ਕੱਪੜਾ ਹੀ ਰੇਲਿੰਗਾਂ ਸਾਫ਼ ਕਰਨ ਲਈ ਵਰਤਣ ਦੇ ਹੁਕਮ ਦਿੱਤੇ ਜਾਂਦੇ ਹਨ, ਜਿਸ ਨੂੰ ਉਨ੍ਹਾਂ ਨੇ ਸਿਹਤ ਲਈ ਗੰਭੀਰ ਖ਼ਤਰਾ ਕਰਾਰ ਦਿੱਤਾ। ਇਸ ਦੌਰਾਨ ਟਰਾਂਸਲਿੰਕ ਦੇ ਸੀਈਓ ਕੇਵਿਨ ਕੁਇਨ ਨੇ ਕਿਹਾ ਕਿ ਬੋਰਡ ਕਰਮਚਾਰੀਆਂ ਵੱਲੋਂ ਉਠਾਏ ਗਏ ਸਾਰੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦਾ ਹੈ ਅਤੇ ਸਕਾਈਟ੍ਰੇਨ ਸਫ਼ਾਈ ਠੇਕੇਦਾਰ ਨਾਲ ਮਿਲ ਕੇ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰਕੇ ਲੋੜੀਂਦੇ ਕਦਮ ਚੁੱਕੇ ਜਾਣਗੇ।