ਰਬੀਹ ਅਲਖਲੀਲ ਫਰਾਰ ਮਾਮਲੇ ਦੀ ਸਾਬਕਾ ਜੇਲ੍ਹ ਅਧਿਕਾਰੀ ਨੇ ਪੁਲਿਸ ਅੱਗੇ ਕੀਤਾ ਆਤਮ ਸਮਰਪਣ

ਬੀ.ਸੀ. ਦੀ ਸਾਬਕਾ ਜੇਲ੍ਹ ਅਧਿਕਾਰੀ ਨਾਇਲਾ ਸ਼ੇਖ ਨੇ ਆਪਣੀ ਗ੍ਰਿਫ਼ਤਾਰੀ ਲਈ ਜਾਰੀ ਵਾਰੰਟ ਤੋਂ ਬਾਅਦ ਸੋਮਵਾਰ ਨੂੰ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਨਾਇਲਾ ਸ਼ੇਖ, ਜੋ ਪਹਿਲਾਂ ਪੋਰਟ ਕੋਕਿਟਲਮ ਸਥਿਤ ਨਾਰਥ ਫਰੇਜ਼ਰ ਪ੍ਰੀਟ੍ਰਾਇਲ ਸੈਂਟਰ ਵਿੱਚ ਕਰੈਕਸ਼ਨਲ ਅਫ਼ਸਰ ਵਜੋਂ ਤਾਇਨਾਤ ਸੀ, ਨੂੰ ਸ਼ਰਤਾਂ ਦੇ ਨਾਲ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਪਹਿਲੀ ਅਦਾਲਤੀ ਪੇਸ਼ੀ ਅਗਲੇ ਹਫ਼ਤੇ ਹੋਣ ਦੀ ਉਮੀਦ ਹੈ। ਉਸ ਖ਼ਿਲਾਫ਼ ਭਰੋਸਾ ਤੋੜਨ, ਕਿਸੇ ਹੋਰ ਦੀ ਪਛਾਣ ਵਰਤ ਕੇ ਗੈਰਕਾਨੂੰਨੀ ਲਾਭ ਹਾਸਲ ਕਰਨ ਅਤੇ ਬਿਨਾਂ ਅਧਿਕਾਰ ਕੰਪਿਊਟਰ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਗਏ ਹਨ। ਇਹ ਦੋਸ਼ ਫਰਵਰੀ ਤੋਂ ਮਾਰਚ 2024 ਦੌਰਾਨ ਵਾਪਰੀਆਂ ਘਟਨਾਵਾਂ ਨਾਲ ਸਬੰਧਤ ਹਨ। ਦਸਤਾਵੇਜ਼ਾਂ ਅਨੁਸਾਰ, ਜੁਲਾਈ 2022 ਵਿੱਚ ਗੈਂਗ ਕਾਤਲ ਰਬੀਹ ਅਲਖਲੀਲ ਦੇ ਜੇਲ੍ਹ ਤੋਂ ਫਰਾਰ ਹੋਣ ਸਮੇਂ ਨਾਇਲਾ ਸ਼ੇਖ ਉਸ ਦੀ ਕੇਸ ਮੈਨੇਜਰ ਸੀ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਉਸ ਖ਼ਿਲਾਫ਼ ਲਗੇ ਮੌਜੂਦਾ ਦੋਸ਼ ਉਸ ਫਰਾਰ ਮਾਮਲੇ ਨਾਲ ਸਿੱਧੇ ਤੌਰ 'ਤੇ ਜੁੜੇ ਹਨ ਜਾਂ ਨਹੀਂ। ਇਸ ਮਾਮਲੇ ਦੀ ਜਾਂਚ ਬੀ.ਸੀ. ਦੀ ਕੰਬਾਈਨਡ ਫੋਰਸਿਜ਼ ਸਪੈਸ਼ਲ ਐਨਫੋਰਸਮੈਂਟ ਯੂਨਿਟ ਨੇ ਕੀਤੀ ਹੈ। ਉੱਥੇ ਹੀ, ਬੀ.ਸੀ. ਸਰਕਾਰ ਨੇ ਕਿਹਾ ਹੈ ਕਿ ਇਹ ਦੋਸ਼ ਗੰਭੀਰ ਚਿੰਤਾ ਦਾ ਵਿਸ਼ਾ ਹਨ, ਪਰ ਸੂਬੇ ਦੇ ਜ਼ਿਆਦਾਤਰ ਕਰੈਕਸ਼ਨਲ ਅਧਿਕਾਰੀ ਇਮਾਨਦਾਰੀ ਅਤੇ ਪੇਸ਼ੇਵਰਾਨਾ ਢੰਗ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ।

ਇਸ ਲੇਖ ਨੂੰ ਸਾਂਝਾ ਕਰੋ: