ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਤੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਕੀਤੀ ਸ਼ੁਰੂਆਤ

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ ਕੀਤੀ ਗਈ । ਇਸ ਮੌਕੇ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਬੜਾ ਇਤਿਹਾਸਕ ਦਿਨ ਹੈ ਅਤੇ ਸਨਮਾਨ ਰਾਸ਼ੀ ਖ਼ਾਤਿਆਂ ’ਚ ਆਉਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਯੋਜਨਾ ਹੁਣ ਕਦੇ ਵੀ ਬੰਦ ਨਹੀਂ ਹੋਵੇਗੀ । ਉਨ੍ਹਾਂ ਕਿਹਾ ਕਿ ਇਹ ਮਾਵਾਂ ਧੀਆਂ ਦਾ ਸਨਮਾਨ ਹੈ ਅਤੇ ਜਨਤਾ ਦਾ ਪੈਸਾ ਜਨਤਾ ਨੂੰ ਦਿੱਤਾ ਜਾ ਰਿਹਾ ਹੈ । ਉਨ੍ਹਾਂ ਅੱਗੇ ਕਿਹਾ ਕਿ ਇਹ ਬਹੁਤ ਵੱਡੀ ਯੋਜਨਾ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਬਟਨ ਦੱਬ ਕੇ ਪੈਸੇ ਟਰਾਂਸਫਰ ਕਰਨ ਦੀ ਸ਼ੁਰੂਆਤ ਕੀਤੀ । ਮਹਿਲਾਵਾਂ ਦੇ ਖਾਤਿਆਂ ’ਚ ਜੁਲਾਈ, ਅਗਸਤ ਤੇ ਸਤੰਬਰ ਮਹੀਨੇ ਦੇ ਪੈਸੇ ਟਰਾਂਸਫ਼ਰ ਕੀਤੇ ਗਏ ।

ਪੰਜਾਬ ਵਿੱਚ 18 ਸਾਲ ਤੋਂ ਵੱਡੀ ਉਮਰ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਅੱਜ 1 ਜੁਲਾਈ ਤੋਂ 1100 ਕਰੋੜ ਟ੍ਰਾਂਸਫਰ ਕੀਤੇ ਗਏ। ਇਸ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੇ ਧੂਰੀ ਤੋਂ ਕੀਤੀ । ਇਸ ਵਿੱਚ ਜਨਰਲ ਵਰਗ ਦੀਆਂ ਔਰਤਾਂ ਨੂੰ 1 ਹਜ਼ਾਰ ਅਤੇ ਦਲਿਤ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਮਹੀਨਾ ਮਿਲੇਗਾ । ਪਹਿਲੀ ਵਾਰ ਸਰਕਾਰ ਨੇ 3 ਮਹੀਨਿਆਂ ਦੀ ਰਾਸ਼ੀ ਇਕੱਠੀ ਦਿੱਤੀ ਹੈ। ਮੁੱਖ ਮੰਤਰੀ  ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਤੱਕ 40 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ । 

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਪੰਜਾਬ ਵਿੱਚ 18 ਸਾਲ ਤੋਂ ਵੱਡੀ ਉਮਰ ਦੀ ਹਰ ਔਰਤ ਨੂੰ ਇਕ-ਇਕ ਹਜ਼ਾਰ ਰੁਪਏ ਮਹੀਨਾ ਦਿੱਤੇ ਜਾਣਗੇ । ਹਾਲਾਂਕਿ 4 ਸਾਲ ਤੱਕ ਸਰਕਾਰ ਇਸ ਨੂੰ ਲਟਕਾਉਂਦੀ ਰਹੀ ।  ਹੁਣ 2027 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਸ ਤੋਂ ਕਰੀਬ 8 ਮਹੀਨੇ ਪਹਿਲਾਂ ਸਰਕਾਰ ਇਹ ਵਾਅਦਾ ਪੂਰਾ ਕਰ ਰਹੀ ਹੈ। ਇਸੇ ਸਾਲ ਸਰਕਾਰ ਨੇ ਬਜਟ ਵਿੱਚ 9300 ਕਰੋੜ ਰੁਪਏ ਰੱਖੇ ਸਨ। 

ਇਸ ਲੇਖ ਨੂੰ ਸਾਂਝਾ ਕਰੋ: