ਪ੍ਰਧਾਨ ਮੰਤਰੀ ਕਾਰਨੀ ਅੱਜ ਵੈਨਕੂਵਰ ਵਿੱਚ, ਪ੍ਰੀਮੀਅਰ ਈਬੀ ਨਾਲ ਨਵੀਂ ਭਾਈਵਾਲੀ ਦਾ ਐਲਾਨ ਸੰਭਵ
ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਵੈਨਕੂਵਰ ਦੇ ਦੌਰੇ 'ਤੇ ਹਨ, ਜਿੱਥੇ ਉਹ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨਾਲ ਮੁਲਾਕਾਤ ਕਰਕੇ ਸੂਬੇ ਦੇ ਵੱਡੇ infrastructure ਅਤੇ development projects 'ਤੇ ਚਰਚਾ ਕਰਨਗੇ। ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਜਾਰੀ ਕਾਰਜਕ੍ਰਮ ਮੁਤਾਬਕ ਦੋਵੇਂ ਆਗੂ "ਨਵੀਂ ਸਹਿਯੋਗੀ ਖੁਸ਼ਹਾਲੀ ਭਾਈਵਾਲੀ" (Co-operative Prosperity Partnership) ਦਾ ਐਲਾਨ ਕਰਨਗੇ। ਇਸੇ ਦਿਨ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਪ੍ਰਸ਼ਾਂਤ ਮਹਾਂਸਾਗਰ ਤੱਕ ਨਵੀਂ ਤੇਲ ਪਾਈਪਲਾਈਨ ਬਣਾਉਣ ਦੀ ਯੋਜਨਾ ਸਬੰਧੀ ਅਗਲੇ ਕਦਮਾਂ ਦਾ ਵੀ ਐਲਾਨ ਕੀਤੇ ਜਾਣ ਦੀ ਉਮੀਦ ਹੈ। ਪ੍ਰੀਮੀਅਰ ਈਬੀ ਪਹਿਲਾਂ ਕਹਿ ਚੁੱਕੇ ਹਨ ਕਿ ਇਸ ਪਾਈਪਲਾਈਨ ਲਈ ਨਾ ਤਾਂ ਕੋਈ ਪੱਕਾ ਰੂਟ ਤੈਅ ਹੈ ਅਤੇ ਨਾ ਹੀ ਕੋਈ ਨਿੱਜੀ ਕੰਪਨੀ ਇਸ ਨੂੰ ਅੱਗੇ ਵਧਾਉਣ ਲਈ ਸਾਹਮਣੇ ਆਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਨੂੰ ਬੀ.ਸੀ. ਵਿੱਚ ਉਹਨਾਂ ਊਰਜਾ ਅਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਜਿਨ੍ਹਾਂ ਨੂੰ ਨਿੱਜੀ ਖੇਤਰ ਦਾ ਸਮਰਥਨ ਹਾਸਲ ਹੈ। ਇਸ ਦੌਰੇ ਤੋਂ ਇੱਕ ਦਿਨ ਪਹਿਲਾਂ ਮਾਰਕ ਕਾਰਨੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਦੀ ਨਵੀਂ ਊਰਜਾ ਨੀਤੀ ਤਹਿਤ ਅਗਲੇ ਕੁਝ ਸਾਲਾਂ ਵਿੱਚ ਕਾਰਬਨ ਨਿਕਾਸ ਵਧ ਸਕਦਾ ਹੈ, ਜਦਕਿ ਉਨ੍ਹਾਂ ਨੇ ਜਸਟਿਨ ਟਰੂਡੋ ਸਰਕਾਰ ਦੇ ਜਲਵਾਯੂ ਟੀਚਿਆਂ ਨੂੰ "ਚੰਗੇ ਇਰਾਦਿਆਂ ਵਾਲੇ ਪਰ ਲੰਬੇ ਸਮੇਂ ਲਈ ਟਿਕਾਊ ਨਹੀਂ" ਕਰਾਰ ਦਿੱਤਾ।