ਸਰੀ ਗੋਲੀਬਾਰੀ ਵਿੱਚ ਵਰਤੀ ਕਾਰ ਨੂੰ ਸਰਕਾਰ ਕਰਨਾ ਚਾਹੁੰਦੀ ਹੈ ਜ਼ਬਤ, ਸਿਵਲ ਫੋਰਫਿਚਰ ਦੀ ਕਾਰਵਾਈ ਸ਼ੁਰੂ
ਸਰੀ ਪੁਲਿਸ ਵੱਲੋਂ ਜਨਵਰੀ ਵਿੱਚ ਐਕਸਟੋਰਸ਼ਨ ਨਾਲ ਜੁੜੀ ਗੋਲੀਬਾਰੀ ਦੀ ਜਾਂਚ ਦੌਰਾਨ ਵਰਤੀ ਗਈ ਇੱਕ ਕਾਰ ਨੂੰ ਬਰਾਮਦ ਕਰਨ ਤੋਂ ਬਾਅਦ ਹੁਣ ਬੀ.ਸੀ. ਸਰਕਾਰ ਉਸ ਵਾਹਨ ਨੂੰ ਸਿਵਲ ਫੋਰਫਿਚਰ ਕਾਨੂੰਨ ਤਹਿਤ ਸਥਾਈ ਤੌਰ 'ਤੇ ਜ਼ਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਦਾਲਤ ਵਿੱਚ ਦਾਇਰ ਦਾਅਵੇ ਮੁਤਾਬਕ 20 ਜਨਵਰੀ 2026 ਨੂੰ ਕਿੰਗ ਜਾਰਜ ਬੁਲੇਵਾਰਡ ਦੇ 7200 ਬਲਾਕ ਵਿੱਚ ਸਥਿਤ ਸਕਾਈਲਾਈਨ ਆਟੋ ਕਾਰੋਬਾਰ 'ਤੇ ਇੱਕ ਸਲੇਟੀ ਰੰਗ ਦੀ 2004 ਮਾਡਲ ਹੋਂਡਾ ਸਿਵਿਕ ਵਿੱਚ ਸਵਾਰ ਸ਼ੱਕੀਆਂ ਨੇ ਗੋਲੀਆਂ ਚਲਾਈਆਂ। ਉਸ ਸਮੇਂ ਕਾਰੋਬਾਰ ਬੰਦ ਸੀ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਇਮਾਰਤ ਅਤੇ ਪਾਰਕਿੰਗ ਵਿੱਚ ਖੜ੍ਹੀਆਂ ਦੋ ਗੱਡੀਆਂ ਨੂੰ ਨੁਕਸਾਨ ਪਹੁੰਚਿਆ। ਪੁਲਿਸ ਮੁਤਾਬਕ ਸੀਸੀਟੀਵੀ ਫੁਟੇਜ ਵਿੱਚ ਕਾਰ ਦੀ ਅਗਲੀ ਸੀਟ 'ਤੇ ਬੈਠੇ ਇੱਕ ਵਿਅਕਤੀ ਨੂੰ ਲਾਲ ਰੰਗ ਦਾ face ਕਵਰ ਪਹਿਨੇ ਹੋਏ ਅਤੇ ਖੁੱਲ੍ਹੀ ਖਿੜਕੀ ਵਿੱਚੋਂ ਗੋਲੀਆਂ ਚਲਾਉਂਦੇ ਦੇਖਿਆ ਗਿਆ। ਜਾਂਚ ਦੌਰਾਨ ਪੁਲਿਸ ਨੇ 26 ਜਨਵਰੀ ਅਤੇ ਫਿਰ 25 ਫਰਵਰੀ ਨੂੰ ਇਸ ਕਾਰ ਨੂੰ ਰੋਕਿਆ ਅਤੇ ਆਖ਼ਰਕਾਰ ਵਾਹਨ ਜ਼ਬਤ ਕਰ ਲਿਆ। ਕਾਰ ਦਾ ਰਜਿਸਟਰਡ ਮਾਲਕ ਦਮਨਵੀਰ ਸਿੰਘ ਹੈ, ਜਿਸ ਦਾ ਬੀ.ਸੀ. ਵਿੱਚ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਹਾਲਾਂਕਿ ਉਸ ਖ਼ਿਲਾਫ਼ ਅਜੇ ਤੱਕ ਕੋਈ ਫੌਜਦਾਰੀ ਦੋਸ਼ ਨਹੀਂ ਲਗਾਏ ਗਏ, ਸਰਕਾਰ ਦਾ ਦਾਅਵਾ ਹੈ ਕਿ ਜੇਕਰ ਉਹ ਖ਼ੁਦ ਗੋਲੀਬਾਰੀ ਵਿੱਚ ਸ਼ਾਮਲ ਨਹੀਂ ਵੀ ਸੀ ਤਾਂ ਵੀ ਉਸ ਨੂੰ ਕਾਰ ਦੀ ਗੈਰਕਾਨੂੰਨੀ ਵਰਤੋਂ ਬਾਰੇ ਜਾਣਕਾਰੀ ਸੀ ਜਾਂ ਹੋਣੀ ਚਾਹੀਦੀ ਸੀ। ਇਸ ਮਾਮਲੇ ਦੀ ਸੁਣਵਾਈ ਹੁਣ ਸਿਵਲ ਅਦਾਲਤ ਵਿੱਚ ਹੋਵੇਗੀ।