ਐਬਟਸਫੋਰਡ ਵਿੱਚ ਪਤਨੀ ਦੇ ਕਤਲ ਮਾਮਲੇ 'ਚ ਜਗਪ੍ਰੀਤ ਸਿੰਘ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਕਰਾਰ
ਬੀ.ਸੀ. ਸੁਪਰੀਮ ਕੋਰਟ ਨੇ ਐਬਟਸਫੋਰਡ ਵਿੱਚ ਆਪਣੀ ਪਤਨੀ ਬਲਵਿੰਦਰ ਕੌਰ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਜਗਪ੍ਰੀਤ ਸਿੰਘ ਨੂੰ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ। 41 ਸਾਲਾ ਬਲਵਿੰਦਰ ਕੌਰ 15 ਮਾਰਚ 2024 ਨੂੰ ਆਪਣੇ ਬੇਸਮੈਂਟ ਸੂਟ ਵਿੱਚ ਗਰਦਨ ਅਤੇ ਛਾਤੀ 'ਤੇ ਕਈ ਚਾਕੂਆਂ ਦੇ ਜ਼ਖਮਾਂ ਨਾਲ ਲਹੂ-ਲੁਹਾਨ ਹਾਲਤ ਵਿੱਚ ਮਿਲੀ ਸੀ। ਜਗਪ੍ਰੀਤ ਸਿੰਘ ਨੇ ਇਹ ਨਹੀਂ ਨਕਾਰਿਆ ਕਿ ਉਸ ਨੇ ਚਾਕੂ ਮਾਰੇ ਸਨ, ਪਰ ਉਸ ਨੇ ਦਲੀਲ ਦਿੱਤੀ ਕਿ ਇਹ ਘਟਨਾ ਅਚਾਨਕ ਹੋਏ ਝਗੜੇ ਅਤੇ ਗੁੱਸੇ ਵਿੱਚ ਵਾਪਰੀ ਸੀ, ਇਸ ਲਈ ਉਸ ਨੂੰ ਕਤਲ ਦੀ ਬਜਾਏ ਮੈਨਸਲਾਟਰ ਦਾ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ। ਉਸ ਦਾ ਦਾਅਵਾ ਸੀ ਕਿ ਪਹਿਲਾਂ ਉਸ ਦੀ ਪਤਨੀ ਨੇ ਉਸ 'ਤੇ ਚਾਕੂ ਨਾਲ ਹਮਲਾ ਕੀਤਾ ਅਤੇ ਚਾਕੂ ਖੋਹਣ ਦੌਰਾਨ ਉਹ ਗਲਤੀ ਨਾਲ ਉਸ ਦੇ ਪੇਟ ਵਿੱਚ ਲੱਗ ਗਿਆ। ਪਰ ਅਦਾਲਤ ਨੇ ਇਸ ਬਿਆਨ ਨੂੰ ਗੈਰ-ਭਰੋਸੇਯੋਗ ਕਰਾਰ ਦਿੰਦਿਆਂ ਰੱਦ ਕਰ ਦਿੱਤਾ। ਪੋਸਟਮਾਰਟਮ ਵਿੱਚ ਸਾਹਮਣੇ ਆਇਆ ਕਿ ਬਲਵਿੰਦਰ ਕੌਰ ਦੀ ਮੌਤ ਗਰਦਨ ਅਤੇ ਛਾਤੀ 'ਤੇ ਲੱਗੇ ਸੱਤ ਚਾਕੂਆਂ ਦੇ ਵਾਰਾਂ ਕਾਰਨ ਬਹੁਤ ਜ਼ਿਆਦਾ ਖੂਨ ਵਹਿਣ ਨਾਲ ਹੋਈ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਕੌਰ ਨੇ ਆਪਣੀ ਮੌਤ ਤੋਂ ਪਹਿਲਾਂ ਕਈ ਵਾਰ ਡਰ ਜ਼ਾਹਰ ਕੀਤਾ ਸੀ ਕਿ ਉਹ ਨਹੀਂ ਚਾਹੁੰਦੀ ਸੀ ਕਿ ਜਗਪ੍ਰੀਤ ਸਿੰਘ ਕੈਨੇਡਾ ਆਵੇ। ਜਗਪ੍ਰੀਤ ਸਿੰਘ 9 ਮਾਰਚ 2024 ਨੂੰ ਭਾਰਤ ਤੋਂ ਕੈਨੇਡਾ ਆਇਆ ਸੀ ਅਤੇ ਸਿਰਫ਼ ਛੇ ਦਿਨ ਬਾਅਦ ਇਹ ਹੱਤਿਆ ਹੋਈ। ਸਜ਼ਾ ਦਾ ਐਲਾਨ ਹਾਲੇ ਨਹੀਂ ਹੋਇਆ ਅਤੇ ਅਗਲੀ ਅਦਾਲਤੀ ਪੇਸ਼ੀ 19 ਅਕਤੂਬਰ ਨੂੰ ਹੋਵੇਗੀ।