ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਚੰਨੀ ਦੇ ਘਰ ਇਕੱਠੇ ਹੋਏ ਕਾਂਗਰਸੀ ਆਗੂ
ਪੰਜਾਬ ਵਿੱਚ ਕਾਂਗਰਸ ਵਿਚ ਚੱਲ ਰਹੀ ਖਿੱਚੋਤਾਣ ਦੇ ਚਲਦਿਆਂ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਕਾਂਗਰਸੀ ਆਗੂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੋਰਿੰਡਾ ਸਥਿਤ ਘਰ ਵਿਖੇ ਇਕੱਠੇ ਹੋਏ। ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਿੱਤਰ ਆਏ ਹਨ । ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਚੰਨੀ ਦੇ ਨਾਲ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਫੋਟੋ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ਵਿਚ ਲਿਖਿਆ ਗਿਆ ਹੈ ਕਿ ਏਕੇ ਵਿੱਚ ਬਰਕਤ ਹੈ । ਇਸ ਫੋਟੋ ਵਿੱਚ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਮੌਜੂਦ ਨਹੀਂ ਹਨ । ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਹ ਫੋਟੋ ਸ਼ੇਅਰ ਕੀਤੀ।
ਦੂਜੇ ਪਾਸੇ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਸੀ.ਐਮ. ਚਰਨਜੀਤ ਚੰਨੀ ਨੂੰ ਬਿਨਾਂ ਨਾਂ ਲਏ ਨਸੀਹਤ ਦਿੱਤੀ ਹੈ । ਡਾ. ਗਾਂਧੀ ਨੇ ਕਿਹਾ- ਲੋਕਤੰਤਰ, ਸੰਵਿਧਾਨ, ਪੰਜਾਬ ਅਤੇ ਦੇਸ਼ ਦੇ ਹਿੱਤ ਵਿੱਚ ਪੰਜਾਬ ਦੇ ਕਾਂਗਰਸੀ ਵਰਕਰ ਆਗੂਆਂ ਤੋਂ ਤਿਆਗ ਅਤੇ ਕੁਰਬਾਨੀ ਦੀ ਉਮੀਦ ਕਰਦੇ ਹਨ। ਡਾ. ਗਾਂਧੀ ਦੀਆਂ ਗੱਲਾਂ ਨੂੰ ਵੜਿੰਗ ਅਤੇ ਚੰਨੀ ਨਾਲ ਇਸ ਲਈ ਜੋੜਿਆ ਜਾ ਰਿਹਾ ਹੈ ਕਿਉਂਕਿ ਉਹ ਪਾਰਟੀ ਵਿੱਚ ਜਲਦੀ ਬਦਲਾਅ ਦੀ ਵਕਾਲਤ ਕਰਨ ਵਾਲਿਆਂ ਵਿੱਚ ਸ਼ਾਮਲ ਹਨ । ਹਾਲਾਂਕਿ ਕਾਂਗਰਸ ਹਾਈਕਮਾਂਡ ਨੇ ਵੜਿੰਗ ਨੂੰ ਨਹੀਂ ਹਟਾਇਆ । ਹਾਈਕਮਾਂਡ ਦੇ ਇਸ ਫੈਸਲੇ ਤੋਂ ਚੰਨੀ ਸਹਿਮਤ ਨਹੀਂ ਹਨ । ਚੰਨੀ ਰਾਜਾ ਵੜਿੰਗ ਨੂੰ ਪ੍ਰਧਾਨ ਦੀ ਕੁਰਸੀ ਤੋਂ ਹਟਾਉਣ ਦੀ ਜ਼ਿੱਦ 'ਤੇ ਅੜੇ ਹੋਏ ਹਨ । ਇਸ ਦੇ ਲਈ ਉਨ੍ਹਾਂ ਨੇ ਮੋਰਿੰਡਾ ਵਿੱਚ ਆਪਣੇ ਘਰ ਕਰੀਬ 50 ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ।
ਹਾਲਾਂਕਿ ਚੰਨੀ ਨੂੰ ਟੱਕਰ ਦੇਣ ਲਈ ਪ੍ਰਧਾਨ ਵੜਿੰਗ ਵੀ ਘਰ-ਘਰ ਜਾ ਕੇ ਆਗੂਆਂ ਨਾਲ ਮੁਲਾਕਾਤ ਕਰ ਰਹੇ ਹਨ। ਐਤਵਾਰ ਨੂੰ ਨਵਜੋਤ ਸਿੱਧੂ ਧੜੇ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਨੇ ਵੀ ਹਾਈਕਮਾਂਡ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਕਿਸੇ ਮਜ਼ਬੂਤ ਆਗੂ ਨੂੰ ਪ੍ਰਧਾਨ ਬਣਾਉਣ ਦੀ ਸਲਾਹ ਦਿੱਤੀ । ਇਸੇ ਦੌਰਾਨ ਕਾਂਗਰਸ ਦੇ ਇਸ ਕਲੇਸ਼ ਨੂੰ ਸੁਲਝਾਉਣ ਲਈ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਸੀ.ਐਮ. ਭੂਪੇਸ਼ ਬਘੇਲ ਦੁਪਹਿਰ ਕਰੀਬ 3 ਵਜੇ ਚੰਡੀਗੜ੍ਹ ਪਹੁੰਚ ਰਹੇ ਹਨ । ਉਹ ਚੰਡੀਗੜ੍ਹ ਵਿੱਚ ਵੜਿੰਗ, ਚੰਨੀ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂਆਂ ਨਾਲ ਮੀਟਿੰਗ ਕਰ ਸਕਦੇ ਹਨ।