ਬੀ.ਸੀ. ਨਰਸਾਂ ਦੀ ਹੜਤਾਲ ਤੇਜ਼, ਵੈਂਕੂਵਰ ਜਨਰਲ ਹਸਪਤਾਲ ਬਾਹਰ ਪਿਕੇਟਿੰਗ ਅੱਜ ਤੋਂ

ਬੀ.ਸੀ. ਨਰਸਿਜ਼ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਹੜਤਾਲੀ ਕਾਰਵਾਈ ਨੂੰ ਹੋਰ ਤੇਜ਼ ਕਰਦਿਆਂ ਇਸ ਹਫ਼ਤੇ ਤੋਂ ਸੂਬੇ ਦੇ ਸਭ ਤੋਂ ਵੱਡੇ ਹਸਪਤਾਲ ਵੈਂਕੂਵਰ ਜਨਰਲ ਹਸਪਤਾਲ (VGH) ਦੇ ਬਾਹਰ ਪਿਕੇਟਿੰਗ ਸ਼ੁਰੂ ਕਰੇਗੀ। ਯੂਨੀਅਨ ਮੁਤਾਬਕ ਮੰਗਲਵਾਰ ਤੋਂ ਨਰਸਾਂ ਹਸਪਤਾਲ ਦੇ ਬਾਹਰ ਧਰਨਾ ਦੇਣਗੀਆਂ। ਇਹ ਫੈਸਲਾ ਉਸ ਵੇਲੇ ਆਇਆ ਹੈ ਜਦੋਂ ਲਗਭਗ 51 ਹਜ਼ਾਰ ਨਰਸਾਂ ਵਿੱਚੋਂ 98.2 ਫੀਸਦੀ ਨੇ ਹੜਤਾਲੀ ਕਾਰਵਾਈ ਦੇ ਹੱਕ ਵਿੱਚ ਵੋਟ ਪਾਈ ਅਤੇ 67 ਫੀਸਦੀ ਮੈਂਬਰਾਂ ਨੇ ਸਰਕਾਰ ਨਾਲ ਹੋਏ ਅਸਥਾਈ ਸਮਝੌਤੇ ਨੂੰ ਰੱਦ ਕਰ ਦਿੱਤਾ। ਯੂਨੀਅਨ ਨੇ ਕਿਹਾ ਹੈ ਕਿ ਮਰੀਜ਼ਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰੀ ਸਿਹਤ ਸੇਵਾਵਾਂ ਜਾਰੀ ਰਹਿਣਗੀਆਂ, ਪਰ ਗੈਰ-ਜ਼ਰੂਰੀ ਓਵਰਟਾਈਮ ਅਤੇ ਨਰਸਿੰਗ ਨਾਲ ਸਬੰਧਤ ਨਾ ਹੋਣ ਵਾਲੇ ਕੰਮਾਂ ਦਾ ਬਾਈਕਾਟ ਜਾਰੀ ਰਹੇਗਾ। ਯੂਨੀਅਨ ਦੀ ਪ੍ਰਧਾਨ ਐਡਰੀਅਨ ਗੀਅਰ ਨੇ ਕਿਹਾ ਕਿ ਨਰਸਾਂ ਪਿਕੇਟ ਲਾਈਨ 'ਤੇ ਖੜ੍ਹਨਾ ਨਹੀਂ ਚਾਹੁੰਦੀਆਂ, ਪਰ ਸਰਕਾਰ ਹੁਣ ਸਿਹਤ ਪ੍ਰਣਾਲੀ ਦੀਆਂ ਸਮੱਸਿਆਵਾਂ ਨੂੰ ਹੋਰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਯੂਨੀਅਨ ਦੇ ਸੀਈਓ ਜਿਮ ਗੋਲਡ ਨੇ ਕਿਹਾ ਕਿ ਜਦੋਂ ਤੱਕ ਨਰਸਾਂ ਦੀਆਂ ਕੰਮਕਾਜੀ ਸਥਿਤੀਆਂ ਵਿੱਚ ਵੱਡੇ ਸੁਧਾਰ ਨਹੀਂ ਕੀਤੇ ਜਾਂਦੇ, ਤਦ ਤੱਕ ਸੂਬੇ ਵਿੱਚ ਨਰਸਾਂ ਦੀ ਘਾਟ ਦਾ ਹੱਲ ਨਹੀਂ ਨਿਕਲੇਗਾ।

ਇਸ ਲੇਖ ਨੂੰ ਸਾਂਝਾ ਕਰੋ: