ਬੀ.ਸੀ. ਨਰਸਜ਼ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਤੇਜ਼
ਬੀ.ਸੀ. ਨਰਸਜ਼ ਯੂਨੀਅਨ, BCNU ਨੇ ਵੀਰਵਾਰ ਨੂੰ ਸਰੀ ਮੈਮੋਰੀਅਲ ਹਸਪਤਾਲ ਅਤੇ ਜਿਮ ਪੈਟਿਸਨ ਆਊਟਪੇਸ਼ੈਂਟ ਕੇਅਰ ਐਂਡ ਸਰਜਰੀ ਸੈਂਟਰ ਦੇ ਬਾਹਰ ਪਿਕੇਟ ਲਾਈਨਾਂ ਲਗਾ ਕੇ ਆਪਣਾ ਰੋਸ ਪ੍ਰਦਰਸ਼ਨ ਹੋਰ ਤੇਜ਼ ਕਰ ਦਿੱਤਾ ਹੈ।
ਯੂਨੀਅਨ ਦਾ ਕਹਿਣਾ ਹੈ ਕਿ ਸੂਬਾਈ ਸਰਕਾਰ ਅਤੇ health employers ਨਾਲ ਗੱਲਬਾਤ ਮੁੜ ਰੁਕਣ ਤੋਂ ਬਾਅਦ ਹੁਣ ਨੌਕਰੀ ਸੰਬੰਧੀ ਕਾਰਵਾਈ ਨੂੰ ਬੀ.ਸੀ. ਦੇ ਹੋਰ ਹਸਪਤਾਲਾਂ ਤੱਕ ਵਧਾਇਆ ਜਾਵੇਗਾ।
BCNU ਦੀ ਪ੍ਰਧਾਨ ਐਡਰੀਅਨ ਗੀਅਰ ਨੇ ਕਿਹਾ ਕਿ ਨਰਸਾਂ ਨੇ ਚੰਗੇ ਇਰਾਦੇ ਨਾਲ ਗੱਲਬਾਤ ਕੀਤੀ, ਪਰ ਉਨ੍ਹਾਂ ਦੀਆਂ ਮੁੱਖ ਮੰਗਾਂ ਦਾ ਕੋਈ ਢੁੱਕਵਾਂ ਜਵਾਬ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਸੂਬਾਈ ਸਰਕਾਰ ਕੋਲ ਅਜੇ ਵੀ ਇਹ ਵਿਵਾਦ ਖਤਮ ਕਰਨ ਦਾ ਮੌਕਾ ਹੈ।
ਯੂਨੀਅਨ ਦਾ ਦਾਅਵਾ ਹੈ ਕਿ ਨੌਕਰੀ ਸੰਬੰਧੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ 2,300 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿੱਚ ਨਰਸਾਂ ਨੇ ਧਮਕੀਆਂ, ਦਬਾਅ ਅਤੇ ਡਰਾਉਣ-ਧਮਕਾਉਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਯੂਨੀਅਨ ਨੇ ਬੀ.ਸੀ. ਲੇਬਰ ਰਿਲੇਸ਼ਨਜ਼ ਬੋਰਡ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਹੈ।
ਯੂਨੀਅਨ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵਿਕਟੋਰੀਆ ਜਨਰਲ ਹਸਪਤਾਲ, ਨੈਨਾਈਮੋ ਰੀਜਨਲ ਜਨਰਲ ਹਸਪਤਾਲ, ਰੌਇਲ ਜੁਬਲੀ ਹਸਪਤਾਲ ਅਤੇ ਸਾਊਥ ਆਈਲੈਂਡ ਸਰਜੀਕਲ ਸੈਂਟਰ ਵਿੱਚ ਵੀ ਪਿਕੇਟ ਲਾਈਨਾਂ ਲਗਾਈਆਂ ਜਾਣਗੀਆਂ। ਹਾਲਾਂਕਿ, ਯੂਨੀਅਨ ਦਾ ਕਹਿਣਾ ਹੈ ਕਿ ਐਮਰਜੈਂਸੀ ਅਤੇ ਜ਼ਰੂਰੀ ਸਿਹਤ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।