ਗੈਰ ਕਾਨੂੰਨੀ ਢੰਗ ਨਾਲ ਇੱਕ ਵਿਅਕਤੀ ਨੂੰ ਅਮਰੀਕਾ ਲੈਕੇ ਜਾਣ ਦੇ ਮਾਮਲੇ ਵਿੱਚ ਟਰੱਕ ਡਰਾਈਵਰ ਸਮੇਤ ਦੋਵੇਂ ਗ੍ਰਿਫਤਾਰ
ਕੈਨੇਡਾ ਦੇ ਇੱਕ ਵਿਅਕਤੀ ਅਤੇ ਕੈਨੇਡਾ ਵਿੱਚ ਰਹਿ ਰਹੇ ਇੱਕ ਰੋਮਾਨੀਆਈ ਨਾਗਰਿਕ ਖ਼ਿਲਾਫ਼ ਅਮਰੀਕਾ ਵਿੱਚ ਸਰਹੱਦ ਪਾਰ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੇ ਮਾਮਲੇ ਵਿੱਚ ਦੋਸ਼ ਲਗਾਏ ਗਏ ਹਨ।
ਅਮਰੀਕਾ ਦੇ ਨਿਊਯਾਰਕ ਦੇ ਵੈਸਟਰਨ ਡਿਸਟ੍ਰਿਕਟ ਅਟਾਰਨੀ ਦਫ਼ਤਰ ਮੁਤਾਬਕ, ਇਹ ਘਟਨਾ 24 ਜੂਨ ਦੀ ਸਵੇਰ ਬਫ਼ੈਲੋ ਨੇੜੇ ਪੀਸ ਬ੍ਰਿਜ ਬਾਰਡਰ ਕਰਾਸਿੰਗ ’ਤੇ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਅਕਤੀ ਵਪਾਰਕ ਟਰੱਕ ਚਲਾ ਕੇ ਅਮਰੀਕਾ ਵਿੱਚ ਦਾਖਲ ਹੋਣ ਲਈ ਪਹੁੰਚਿਆ।
ਬਾਰਡਰ ਅਧਿਕਾਰੀਆਂ ਨੇ ਡਰਾਈਵਰ ਤੋਂ ਪੁੱਛਿਆ ਕਿ ਕੀ ਟਰੱਕ ਵਿੱਚ ਕੋਈ ਹੋਰ ਵਿਅਕਤੀ ਮੌਜੂਦ ਹੈ, ਜਿਸ ’ਤੇ ਉਸ ਨੇ ਇਨਕਾਰ ਕੀਤਾ। ਇਸ ਤੋਂ ਬਾਅਦ ਟਰੱਕ ਅਤੇ ਸਮਾਨ ਦੀ ਐਕਸ-ਰੇ ਜਾਂਚ ਕੀਤੀ ਗਈ। ਜਾਂਚ ਦੌਰਾਨ ਅਧਿਕਾਰੀਆਂ ਨੂੰ ਟਰੱਕ ਦੇ ਕੈਬਿਨ ਦੇ ਸਲੀਪਰ ਹਿੱਸੇ ਵਿੱਚ ਇੱਕ ਵਿਅਕਤੀ ਵਰਗੀ ਸ਼ੱਕੀ ਹਰਕਤ ਨਜ਼ਰ ਆਈ, ਜਿਸ ਨੂੰ ਬਾਅਦ ਵਿੱਚ ਬਾਹਰ ਕੱਢਿਆ ਗਿਆ।
63 ਸਾਲਾ ਖਵਿਚਾ ਚਾਲਿਸੁਰੀ, ਜੋ ਕੈਨੇਡੀਅਨ ਨਾਗਰਿਕ ਹੈ ਅਤੇ ਜਾਰਜੀਆ ਵਿੱਚ ਰਹਿੰਦਾ ਹੈ, ਉਸ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਵਿਅਕਤੀ ਨੂੰ ਅਮਰੀਕਾ ਲਿਜਾਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੋਸ਼ ਵਿੱਚ ਵੱਧ ਤੋਂ ਵੱਧ 10 ਸਾਲ ਦੀ ਜੇਲ੍ਹ ਅਤੇ 2.5 ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ।
ਦੂਜੇ ਪਾਸੇ, 34 ਸਾਲਾ ਵਿਅਕਤੀ , ਜੋ ਮੂਲ ਰੂਪ ਵਿੱਚ ਰੋਮਾਨੀਆ ਤੋਂ ਹੈ ਅਤੇ ਕੈਨੇਡਾ ਵਿੱਚ ਰਹਿੰਦਾ ਹੈ, ਉਸ ’ਤੇ ਇਮੀਗ੍ਰੇਸ਼ਨ ਜਾਂਚ ਤੋਂ ਬਚਣ ਦਾ ਦੋਸ਼ ਹੈ। ਦੋਵੇਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਉਹ ਹਿਰਾਸਤ ਵਿੱਚ ਹਨ। ਇਹ ਮਾਮਲਾ ਅਮਰੀਕਾ ਦੀ "ਆਪਰੇਸ਼ਨ ਟੇਕ ਬੈਕ ਅਮਰੀਕਾ" ਮੁਹਿੰਮ ਦਾ ਹਿੱਸਾ ਹੈ।