ਲਾਲੜੂ ਨੇੜੇ ਭਿਆਨਕ ਸੜਕ ਹਾਦਸਾ, ਅਵਾਰਾ ਜਾਨਵਰ ਨੂੰ ਬਚਾਉਂਦੇ ਹੋਏ ਫਾਰਚੂਨਰ ਕਾਰ ਪਲਟੀ

ਲਾਲੜੂ ਪੁਲਿਸ ਸਟੇਸ਼ਨ ਖੇਤਰ ਅਧੀਨ ਆਉਂਦੇ ਆਈਟੀਆਈ ਚੌਕ ਨੇੜੇ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਦੇ ਅਵਾਰਾ ਜਾਨਵਰ ਨਾਲ ਟਕਰਾਉਣ ਅਤੇ ਬਾਅਦ ਵਿੱਚ ਡਿਵਾਈਡਰ ਨਾਲ ਵੱਜ ਕੇ ਪਲਟਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਲੁਧਿਆਣਾ ਦਾ ਇੱਕ ਨੌਜਵਾਨ ਜਿਮ ਮਾਲਕ ਵੀ ਸ਼ਾਮਲ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਸਵੇਰੇ ਉਸ ਵੇਲੇ ਵਾਪਰਿਆ ਜਦੋਂ ਦਿੱਲੀ ਜਾ ਰਹੀ ਫਾਰਚੂਨਰ ਕਾਰ ਦੇ ਅੱਗੇ ਅਚਾਨਕ ਇੱਕ ਅਵਾਰਾ ਜਾਨਵਰ ਆ ਗਿਆ। ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ। ਬੇਕਾਬੂ ਹੋਈ ਕਾਰ ਜ਼ੋਰਦਾਰ ਤਰੀਕੇ ਨਾਲ ਡਿਵਾਈਡਰ ਨਾਲ ਜਾ ਟਕਰਾਈ ਅਤੇ ਪਲਟ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਵਿਅਕਤੀਆਂ ਦੀ ਪਛਾਣ ਲੁਧਿਆਣਾ ਦੇ ਰਹਿਣ ਵਾਲੇ 23 ਸਾਲਾ ਮਨਜੋਤ ਸਿੰਘ (ਜਿਮ ਮਾਲਕ) ਅਤੇ ਰਵੀ ਕੁਮਾਰ (ਡਰਾਈਵਰ) ਵਜੋਂ ਹੋਈ ਹੈ।

ਮ੍ਰਿਤਕ ਮਨਜੋਤ ਸਿੰਘ ਦੇ ਪਿਤਾ ਅਮਰਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵੀਰਵਾਰ ਰਾਤ ਲਗਭਗ 11:45 ਵਜੇ ਆਪਣੇ ਦੋਸਤ ਆਕਾਸ਼ ਵਰਮਾ, ਸੁਰੱਖਿਆ ਗਾਰਡ ਰਾਜੀਵ ਕੁਮਾਰ ਪਾਂਡੇ ਅਤੇ ਡਰਾਈਵਰ ਰਵੀ ਕੁਮਾਰ ਨਾਲ ਫਾਰਚੂਨਰ ਕਾਰ ਵਿੱਚ ਸਵਾਰ ਹੋ ਕੇ ਦਿੱਲੀ ਲਈ ਰਵਾਨਾ ਹੋਇਆ ਸੀ। ਖ਼ੁਸ਼ਕਿਸਮਤੀ ਨਾਲ ਕਾਰ ਵਿੱਚ ਸਵਾਰ ਦੋ ਹੋਰ ਲੋਕ ਇਸ ਭਿਆਨਕ ਹਾਦਸੇ ਵਿੱਚ ਵਾਲ-ਵਾਲ ਬਚ ਗਏ। ਮਨਜੋਤ ਦੇ ਦੋਸਤ ਆਕਾਸ਼ ਵਰਮਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦੋਂ ਕਿ ਸੁਰੱਖਿਆ ਗਾਰਡ ਰਾਜੀਵ ਕੁਮਾਰ ਪਾਂਡੇ ਬਿਲਕੁਲ ਸੁਰੱਖਿਅਤ ਹੈ। ਘਟਨਾ ਦੀ ਸੂਚਨਾ ਇੱਕ ਸਥਾਨਕ ਨਿਵਾਸੀ ਨੇ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਮ੍ਰਿਤਕ ਦੇ ਪਿਤਾ ਨੇ ਬਿਆਨ ਦਿੱਤਾ ਹੈ ਕਿ ਇਹ ਇੱਕ ਅਚਾਨਕ ਵਾਪਰਿਆ ਹਾਦਸਾ ਸੀ ਅਤੇ ਇਸ ਵਿੱਚ ਕਿਸੇ ਦੀ ਕੋਈ ਲਾਪਰਵਾਹੀ ਨਹੀਂ ਸੀ, ਇਸ ਲਈ ਉਹ ਕਿਸੇ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਨਹੀਂ ਚਾਹੁੰਦੇ। ਲਾਲੜੂ ਪੁਲਿਸ ਨੇ ਬੀਐਨਐਸਐਸ ਐਕਟ ਦੀ ਧਾਰਾ 194 ਦੇ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਸ ਲੇਖ ਨੂੰ ਸਾਂਝਾ ਕਰੋ: