ਫ੍ਰੇਜ਼ਰ ਕੈਨਿਯਨ ਦੀਆਂ ਜੰਗਲੀ ਅੱਗਾਂ ਬੇਕਾਬੂ, ਨਿਕਾਸੀ ਦੇ ਹੁਕਮ ਜਾਰੀ
ਬੀ.ਸੀ. ਦੇ ਫ੍ਰੇਜ਼ਰ ਕੈਨਿਯਨ ਖੇਤਰ ਵਿੱਚ ਬਰੰਜ਼ਵਿਕ ਵਾਈਲਡਫਾਇਰ ਕੰਪਲੈਕਸ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਦਾ ਕੰਮ ਜਾਰੀ ਹੈ। ਇਹ ਕੰਪਲੈਕਸ ਬਰੰਜ਼ਵਿਕ ਕ੍ਰੀਕ ਅਤੇ ਐਨਸਲੀ ਕ੍ਰੀਕ ਨਾਮ ਦੀਆਂ ਦੋ ਬੇਕਾਬੂ ਜੰਗਲੀ ਅੱਗਾਂ ਤੋਂ ਬਣਿਆ ਹੈ, ਜੋ ਹੋਪ ਦੇ north ਵੱਲ ਫ੍ਰੇਜ਼ਰ ਕੈਨਿਯਨ ਦੇ ਦੋਵੇਂ ਪਾਸਿਆਂ ਤੇ ਫੈਲ ਰਹੀਆਂ ਹਨ। ਅਧਿਕਾਰੀਆਂ ਨੂੰ ਚਿੰਤਾ ਹੈ ਕਿ ਇਹ ਦੋਵੇਂ ਅੱਗਾਂ ਇਕੱਠੀਆਂ ਹੋ ਸਕਦੀਆਂ ਹਨ।
ਤੇਜ਼ ਹਵਾਵਾਂ ਅਤੇ ਸੁੱਕੇ ਮੌਸਮ ਕਾਰਨ ਐਨਸਲੀ ਕ੍ਰੀਕ ਦੀ ਅੱਗ ਤੇਜ਼ੀ ਨਾਲ ਵਧ ਕੇ 170 ਵਰਗ ਕਿਲੋਮੀਟਰ ਖੇਤਰ ਵਿੱਚ ਫੈਲ ਚੁੱਕੀ ਹੈ। ਕੁਝ ਇਮਾਰਤਾਂ ਸੜਨ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਹਾਈਵੇਅ-1 ਦਾ ਕਰੀਬ 10 ਕਿਲੋਮੀਟਰ ਹਿੱਸਾ ਅਜੇ ਵੀ ਬੰਦ ਹੈ।
ਬੋਸਟਨ ਬਾਰ ਸਮੇਤ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਨਿਕਾਸੀ ਦੇ ਹੁਕਮ ਜਾਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਬੀ.ਸੀ. ਵਾਈਲਡਫਾਇਰ ਸਰਵਿਸ ਦੇ 200 ਤੋਂ ਵੱਧ ਅੱਗ ਬੁਝਾਊ ਕਰਮਚਾਰੀ ਅਤੇ ਇੱਕ ਦਰਜਨ ਤੋਂ ਵੱਧ ਹੈਲੀਕਾਪਟਰ ਅੱਗ 'ਤੇ ਕਾਬੂ ਪਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ।
ਅਧਿਕਾਰੀਆਂ ਲੋਕਾਂ ਨੂੰ ਨਿਕਾਸੀ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿੱਛੇ ਰਹਿਣ ਵਾਲੇ ਲੋਕ ਨਾ ਸਿਰਫ਼ ਆਪਣੀ ਜਾਨ ਖ਼ਤਰੇ ਵਿੱਚ ਪਾਉਂਦੇ ਹਨ, ਸਗੋਂ ਬਚਾਅ ਕਰਮਚਾਰੀਆਂ ਲਈ ਵੀ ਵਾਧੂ ਜੋਖ਼ਮ ਪੈਦਾ ਕਰਦੇ ਹਨ।