ਸਰੀ ਸਿਟੀ ਕੌਂਸਲ ਦੀ ਮੀਟਿੰਗ ਵਿੱਚ ਮੇਅਰ ਬ੍ਰੈਂਡਾ ਲੌਕ ਨੇ ਕੀਤੀ ਕੌਂਸਲਰਾਂ ਦੀ ਤਿੱਖੀ ਆਲੋਚਨਾ
ਸਰੀ ਸਿਟੀ ਕੌਂਸਲ ਦੀ ਸੋਮਵਾਰ ਰਾਤ ਹੋਈ ਮੀਟਿੰਗ ਦੌਰਾਨ ਮੇਅਰ ਬ੍ਰੈਂਡਾ ਲੌਕ ਨੇ ਕੁਝ ਕੌਂਸਲਰਾਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਕੌਂਸਲ ਦੀਆਂ ਜ਼ਿੰਮੇਵਾਰੀਆਂ ਤੋਂ ਵੱਧ ਚੋਣ ਪ੍ਰਚਾਰ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਬਿਨਾਂ ਸਬੂਤ ਸ਼ਹਿਰੀ ਕਰਮਚਾਰੀਆਂ 'ਤੇ ਇਲਜ਼ਾਮ ਲਗਾਉਣਾ ਅਤੇ ਗਲਤ ਜਾਣਕਾਰੀ ਫੈਲਾਉਣਾ ਕਬੂਲਯੋਗ ਨਹੀਂ ਹੈ।
ਮੇਅਰ ਨੇ ਖ਼ਾਸ ਤੌਰ 'ਤੇ ਲਿੰਡਾ ਐਨਿਸ ਨੂੰ ਪੁੱਛਿਆ ਕਿ ਉਨ੍ਹਾਂ ਨੇ ਮੀਡੀਆ ਵਿੱਚ ਸਰੀ ਦੀ ਵਿੱਤੀ ਹਾਲਤ ਨੂੰ "ਖਰਾਬ" ਕਹਿਣ ਲਈ ਕਿਹੜੇ ਸਬੂਤ ਦੇਖੇ ਹਨ। ਇਸ ਦੇ ਜਵਾਬ ਵਿੱਚ ਐਨਿਸ ਨੇ ਕਿਹਾ ਕਿ ਉਹ ਆਪਣੇ ਬਿਆਨ ਬਾਰੇ ਸਿਟੀ ਮੈਨੇਜਰ ਨੂੰ ਲਿਖਤੀ ਸਪੱਸ਼ਟੀਕਰਨ ਦੇਣਗੇ। ਇਸ ਤੋਂ ਬਾਅਦ ਸਿਟੀ ਸੋਲਿਸਟਰ ਫਿਲਿਪ ਹੁਇੰਹ ਨੇ ਕੌਂਸਲ ਮੈਂਬਰਾਂ ਨੂੰ ਕੋਡ ਆਫ਼ ਕੰਡਕਟ ਦੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਕੌਂਸਲਰਾਂ ਨੂੰ ਧੱਕੇਸ਼ਾਹੀ, ਤੰਗ-ਪਰੇਸ਼ਾਨੀ ਜਾਂ ਸ਼ਹਿਰੀ ਕਰਮਚਾਰੀਆਂ ਦੀ ਪੇਸ਼ੇਵਰ ਯੋਗਤਾ 'ਤੇ ਬੇਬੁਨਿਆਦ ਸਵਾਲ ਖੜ੍ਹੇ ਕਰਨ ਤੋਂ ਬਚਣਾ ਚਾਹੀਦਾ ਹੈ।
ਮੇਅਰ ਲੌਕ ਨੇ ਕਿਹਾ ਕਿ ਇਹ ਗੱਲ ਕੌਂਸਲਰ ਮਨਦੀਪ ਨਾਗਰਾ 'ਤੇ ਵੀ ਲਾਗੂ ਹੁੰਦੀ ਹੈ, ਜਿਨ੍ਹਾਂ ਨੇ ਹਾਲ ਹੀ ਵਿੱਚ 7580–152 ਸਟਰੀਟ 'ਤੇ ਜ਼ਮੀਨ ਦੀ ਖਰੀਦ ਨੂੰ ਲੈ ਕੇ ਪੁਲਿਸ ਜਾਂਚ ਦੀ ਮੰਗ ਕੀਤੀ ਸੀ। ਨਾਗਰਾ ਨੇ ਦਾਅਵਾ ਕੀਤਾ ਸੀ ਕਿ ਇਸ ਸੌਦੇ ਵਿੱਚ ਕੁਝ ਗੜਬੜ ਹੋ ਸਕਦੀ ਹੈ।
ਮੀਟਿੰਗ ਦੇ ਅੰਤ ਵਿੱਚ ਲੌਕ ਨੇ ਕਿਹਾ ਕਿ ਕੌਂਸਲ ਮੈਂਬਰਾਂ ਨੂੰ ਆਪਣੀ ਭਾਸ਼ਾ ਅਤੇ ਵਿਵਹਾਰ ਲਈ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਅਤੇ ਆਚਾਰ ਸੰਹਿਤਾ ਦੀ ਪਾਲਣਾ ਕਰਨੀ ਚਾਹੀਦੀ ਹੈ, ਖ਼ਾਸ ਕਰਕੇ ਜਦੋਂ ਨਗਰ ਚੋਣਾਂ ਨੇੜੇ ਆ ਰਹੀਆਂ ਹਨ।